ਕਪੂਰਥਲਾ, 1 ਫਰਵਰੀ (ਵਿ.ਪ੍ਰ.)- ਥਾਣਾ ਸਿਟੀ ਕਪੂਰਥਲਾ ਪੁਲਿਸ ਨੇ ਮਿਲੀ ਸੂਚਨਾ 'ਤੇ ਦਾਣਾ ਮੰਡੀ ਕਪੂਰਥਲਾ ਤੋਂ ਇਕ ਵਿਅਕਤੀ ਨੂੰ ਪਿਸਟਲ ਸਮੇਤ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ. ਜਸਬੀਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਦਾਣਾ ਮੰਡੀ ਨੂੰ ਵੱਲ ਨੂੰ ਜਾ ਰਹੇ ਸੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਇਕ ਵਿਅਕਤੀ ਗੁਰਬਾਗ ਸਿੰਘ ਉਰਫ ਸੁੱਖਾ ਵਾਸੀ ਜੱਬੋਵਾਲ ਜਿਸ 'ਤੇ ਪਹਿਲਾਂ ਵੀ ਮਾਮਲੇ ਦਰਜ ਹਨ ਜੋ ਕਿ ਕਥਿਤ ਤੌਰ 'ਤੇ ਮੱਧ ਪ੍ਰਦੇਸ਼ ਤੋਂ ਨਜਾਇਜ਼ ਹਥਿਆਰ ਲਿਆ ਕੇ ਅੱਗੇ ਗਾਹਕਾਂ ਨੂੰ ਵੇਚਦਾ ਹੈ ਜਿਸ ਕੋਲ ਅੱਜ ਵੀ ਇਕ ਪਿਸਟਲ ਹੈ ਤੇ ਦਾਣਾ ਮੰਡੀ ਵਿਚ ਕੰਧ ਨਾਲ ਖੜਾ ਕਿਸੇ ਦੀ ਉਡੀਕ ਕਰ ਰਿਹਾ ਹੈ | ਇਸ 'ਤੇ ਏ.ਐਸ.ਆਈ. ਨੇ ਪੁਲਿਸ ਪਾਰਟੀ ਦੀ ਮਦਦ ਨਾਲ ਵਿਅਕਤੀ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਸਬੰਧਿਤ ਵਿਅਕਤੀ ਨੇ ਆਪਣੀ ਪਹਿਚਾਣ ਗੁਰਬਾਗ ਸਿੰਘ ਉਰਫ ਸੁੱਖਾ ਦੱਸੀ ਜਿਸਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਡੱਬ 'ਚੋਂ ਇਕ ਪਿਸਟਲ 9 ਐਮ.ਐਮ. ਮੈਗਜ਼ੀਨ ਵਾਲਾ ਬਰਾਮਦ ਹੋਇਆ | ਪਿਸਟਲ ਸੰਬੰਧੀ ਉਹ ਕੋਈ ਵੀ ਲਾਇਸੰਸ ਨਹੀਂ ਪੇਸ਼ ਕਰ ਸਕਿਆ | ਥਾਣਾ ਸਿਟੀ ਵਿਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |