ਕਪੂਰਥਲਾ, 2 ਫਰਵਰੀ (ਅਮਨਜੋਤ ਸਿੰਘ ਵਾਲੀਆ)-ਰਮਨੀਕ ਚੌਂਕ ਨੇੜੇ ਟਰੱਕ ਤੇ ਮੋਟਰਸਾਈਕਲ ਦੀ ਟੱਕਰ ਤੋਂ ਬਾਅਦ ਹੋਏ ਝਗੜੇ ਵਿਚ ਮੋਟਰਸਾਈਕਲ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ | ਜੇਰੇ ਇਲਾਜ ਅਭੈ ਪੁੱਤਰ ਵਿਪਨ ਵਾਸੀ ਅਸ਼ੋਕ ਵਿਹਾਰ ਨੇ ਦੱਸਿਆ ਕਿ ਉਹ ਪੀਜ਼ਾ ਹੱਟ 'ਤੇ ਕੰਮ ਕਰਦਾ ਹੈ ਤੇ ਦੇਰ ਰਾਤ ਕੰਮ ਤੋਂ ਉਹ ਆਪਣੇ ਮੋਟਰਸਾਈਕਲ 'ਤੇ ਘਰ ਜਾ ਰਿਹਾ ਸੀ, ਜਦੋਂ ਉਹ ਰਮਨੀਕ ਚੌਕ ਨੇੜੇ ਪੁੱਜਾ ਤਾਂ ਟਰੱਕ ਚਾਲਕ ਨਾਲ ਉਸ ਦੀ ਟੱਕਰ ਹੋ ਗਈ ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਦੀ ਬਹਿਸਬਾਜ਼ੀ ਹੋਣ ਲੱਗੀ ਤਾਂ ਟਰੱਕ ਚਾਲਕ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਜਿਸ ਦਾ ਇਲਾਜ ਸਿਵਲ ਹਸਪਤਾਲ 'ਚ ਡਿਊਟੀ ਡਾਕਟਰ ਵਲੋਂ ਕੀਤਾ ਜਾ ਰਿਹਾ ਹੈ | ਇਸ ਸੰਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ |