ਕਪੂਰਥਲਾ, 3 ਫਰਵਰੀ (ਵਿਸ਼ੇਸ਼ ਪ੍ਰਤੀਨਿਧ)-ਗਜ਼ਟਿਡ ਅਤੇ ਨਾਨ ਗਜ਼ਟਿਡ ਐਸ.ਸੀ./ਬੀ.ਸੀ. ਇੰਪਲਾਈਜ਼ ਵੈੱਲਫੇਅਰ ਦੇ ਇਕ ਵਫ਼ਦ ਨੇ ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਟੂਰਾ ਦੀ ਅਗਵਾਈ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਮਤਾ ਬਜਾਜ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਨੂੰ ਮਿਲ ਕੇ ਅਧਿਆਪਕਾਂ ਦੀਆਂ ਭਖਦੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ | ਅਧਿਆਪਕ ਆਗੂਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਜ਼ੋਰ ਦੇ ਕੇ ਕਿਹਾ ਕਿ ਐਲੀਮੈਂਟਰੀ ਸਕੂਲਾਂ ਵਿਚ ਖਾਲੀ ਪਈਆਂ ਅਧਿਆਪਕਾਂ ਦੀਆਂ ਪੋਸਟਾਂ ਜਾਂ ਜਿੱਥੇ ਟੀਚਰਾਂ ਦੀ ਘਾਟ ਹੈ, ਜਿਹੜੇ ਸਕੂਲਾਂ ਵਿਚ ਵਾਧੂ ਸਟਾਫ਼ ਹੈ, ਉਨ੍ਹਾਂ ਨੂੰ ਦੂਜੇ ਸਕੂਲਾਂ ਵਿਚ ਭੇਜਿਆ ਜਾਵੇ, ਸਾਰੇ ਕੇਡਰ ਦੇ ਸਰਵਿਸ ਰਿਕਾਰਡ ਨੂੰ ਸਰਵਿਸ ਬਾਕਸ, ਜੀ.ਪੀ.ਐਫ. ਤੇ ਹਰ ਤਰ੍ਹਾਂ ਦੀਆਂ ਛੁੱਟੀਆਂ ਆਦਿ ਨੂੰ ਸਮਾਂਬੱਧ ਕਰਵਾਉਣ ਲਈ ਸਕੂਲ ਮੁਖੀਆਂ ਨੂੰ ਪੱਤਰ ਜਾਰੀ ਕੀਤੇ ਜਾਣ, ਮੈਡੀਕਲ ਰਿਬਰਸਮੈਂਟ ਦੇ ਕੇਸ ਪਾਸ ਹੋਣ ਉਪਰੰਤ ਉਨ੍ਹਾਂ ਦੇ ਤੁਰੰਤ ਨਿਪਟਾਰੇ ਲਈ ਹਦਾਇਤਾਂ ਜਾਰੀ ਕੀਤੀਆਂ ਜਾਣ, ਜ਼ਿਲ੍ਹਾ ਤੇ ਸਟੇਟ ਪੱਧਰ 'ਤੇ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਜ਼ਿਲ੍ਹਾ ਪੱਧਰੀ ਸਮਾਗਮਾਂ ਵਿਚ ਸਨਮਾਨਿਤ ਕੀਤਾ ਜਾਵੇ, ਪ੍ਰਮੋਸ਼ਨ ਚੈਨਲ ਨਿਰੰਤਰ ਜਾਰੀ ਰੱਖਦੇ ਹੋਏ ਬਿਨ੍ਹਾਂ ਕਿਸੇ ਦੇਰੀ ਦੇ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਦੀਆਂ ਪਦਉਨਤੀਆਂ ਕੀਤੀਆਂ ਜਾਣ ਤੇ ਅਧਿਆਪਕਾਂ ਦੀ ਹਰ ਕੇਡਰ ਦੀ ਸਨਿਆਰਤਾ ਸੂਚੀ ਨੂੰ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤਾ ਜਾਵੇ | ਵਫ਼ਦ ਨੇ ਸਕੂਲਾਂ ਦੇ ਬਕਾਇਆ ਬਿਜਲੀ ਬਿੱਲਾਂ ਦੀ ਅਦਾਇਗੀ ਤੁਰੰਤ ਕਰਨ 'ਤੇ ਵੀ ਜ਼ੋਰ ਦਿੱਤਾ | ਜ਼ਿਲ੍ਹਾ ਪ੍ਰਧਾਨ ਸਤਵੰਤ ਸਿੰਘ ਟੂਰਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਹੱਕੀ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ | ਜ਼ਿਲ੍ਹਾ ਸਿੱਖਿਆ ਅਫ਼ਸਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਅਧਿਆਪਕ ਆਗੂਆਂ ਨੂੰ ਉਨ੍ਹਾਂ ਦੀਆਂ ਮੰਗਾਂ ਬਾਰੇ ਵਿਚਾਰ ਵਟਾਂਦਰੇ ਉਪਰੰਤ ਅਮਲੀ ਰੂਪ ਦੇਣ ਦਾ ਭਰੋਸਾ ਦਿਵਾਇਆ | ਵਫ਼ਦ ਵਿਚ ਸੈਂਟਰ ਹੈੱਡ ਟੀਚਰ ਸੰਤੋਖ ਸਿੰਘ ਮੱਲੀ, ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਲਖਵੀਰ ਚੰਦ, ਤਹਿਸੀਲ ਫਗਵਾੜਾ ਦੇ ਪ੍ਰਧਾਨ ਬਲਵਿੰਦਰ ਨਿਧੜਕ, ਸੈਂਟਰ ਹੈੱਡ ਟੀਚਰ ਜੈਮਲ ਸਿੰਘ, ਸਤਵਿੰਦਰ ਸਿੰਘ ਫਗਵਾੜਾ, ਅਸ਼ੋਕ ਕੁਮਾਰ, ਮਨਜੀਤ ਦਾਸ ਸੁਲਤਾਨਪੁਰ ਲੋਧੀ, ਹਰਜਿੰਦਰ ਸਿੰਘ ਹੈਰੀ, ਪਰਮਜੀਤ ਲਾਲ, ਕੁਲਵਿੰਦਰ ਕੌਰ, ਰਜੇਸ਼ ਮੈਂਗੀ (ਸਾਰੇ ਹੈੱਡ ਟੀਚਰ) ਆਦਿ ਆਗੂ ਹਾਜ਼ਰ ਸਨ |