ਫਗਵਾੜਾ, 3 ਫਰਵਰੀ (ਚਾਨਾ)-ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਡਾ. ਕੁਸੁਮ ਗੁਪਤਾ ਦੀ ਨਿਗਰਾਨੀ ਹੇਠ ਜੀ.ਏ.ਡੀ., ਜੇ.ਸੀ.ਟੀ. ਮਿਲ ਫਗਵਾੜਾ ਵਲੋਂ ਆਯੁਰਵੈਦਾ ਤੇ ਹੋਮਿਉਪੈਥੀ ਦਾ ਫ਼ਰੀ ਮੈਡੀਕਲ ਕੈਂਪ 5 ਫਰਵਰੀ ਦਿਨ ਵੀਰਵਾਰ ਨੂੰ ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਚਾਹਲ ਨਗਰ ਫਗਵਾੜਾ ਵਿਖੇ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਡਾ. ਕੁਲਵੰਤ ਸਿੰਘ ਆਯੁਰਵੈਦਿਕ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਇਸ ਆਯੁਰਵੈਦਿਕ ਅਤੇ ਹੋਮਿਓਪੈਥਿਕ ਦੇ ਫ਼ਰੀ ਆਯੂਸ਼ ਕੈਂਪ 'ਚ ਲੋੜਵੰਦ ਮਰੀਜ਼ਾਂ ਦਾ ਚੈੱਕਅਪ ਕਰਕੇ ਫ਼ਰੀ ਦਵਾਈਆਂ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਪੇਟ ਦੇ ਰੋਗਾਂ, ਜੋੜਾਂ ਦੇ ਦਰਦ, ਚਮੜੀ ਦੇ ਰੋਗਾਂ ਤੋਂ ਇਲਾਵਾ ਮਹਿਲਾ ਰੋਗ, ਬਲੱਡ ਪ੍ਰੈਸ਼ਰ ਅਤੇ ਖਾਂਸੀ, ਬੁਖ਼ਾਰ ਆਦਿ ਮੌਸਮੀ ਬਿਮਾਰੀਆਂ ਨਾਲ ਪੀੜਤ ਮਰੀਜ਼ ਇਸ ਕੈਂਪ ਦਾ ਭਰਪੂਰ ਲਾਭ ਲੈ ਸਕਦੇ ਹਨ | ਕੈਂਪ 'ਚ ਆਏ ਮਰੀਜ਼ਾ ਨੂੰ ਸਰੀਰ ਦੀ ਪ੍ਰਕਿਰਤੀ ਅਤੇ ਮੌਸਮ ਮੁਤਾਬਿਕ ਆਹਾਰ-ਵਿਹਾਰ 'ਚ ਬਦਲਾਅ ਸਬੰਧੀ ਵਡਮੁੱਲੀ ਜਾਣਕਾਰੀ ਵੀ ਦਿੱਤੀ ਜਾਵੇਗੀ |