ਸੁਲਤਾਨਪੁਰ ਲੋਧੀ, 3 ਫਰਵਰੀ (ਪ.ਪ.)-ਬੀਤੇ ਦਿਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਵਿਚ ਪੰਜਾਬ ਨੂੰ ਸਾਜ਼ਿਸ਼ ਤਹਿਤ ਅਣਗੋਲਿਆਂ ਕਰਦਿਆਂ ਸੂਬੇ ਦੇ ਵਿਕਾਸ ਕਾਰਜਾਂ ਅਤੇ ਬੁਨਿਆਦੀ ਢਾਂਚੇ ਲਈ ਇਕ ਵੀ ਐਲਾਨ ਨਹੀਂ ਕੀਤਾ ਗਿਆ | ਜਿਸ ਤੋਂ ਸਪਸ਼ਟ ਸੰਕੇਤ ਮਿਲਦੇ ਹਨ ਕਿ ਭਾਜਪਾ ਦੀ ਮਾਨਸਿਕਤਾ ਪੰਜਾਬ ਪ੍ਰਤੀ ਖ਼ਤਰਾ ਬਣਦੀ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਸੁਲਤਾਨਪੁਰ ਲੋਧੀ ਤੋਂ ਆਪ ਇੰਚਾਰਜ ਅਤੇ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਅਰਜਨਾ ਐਵਾਰਡੀ ਨੇ ਕਿਹਾ ਕਿ ਕੇਂਦਰੀ ਅੰਨ ਭੰਡਾਰ ਵਿਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਸੂਬੇ ਪੰਜਾਬ ਲਈ ਖੇਤੀਬਾੜੀ ਬੁਨਿਆਦੀ ਢਾਂਚੇ ਲਈ ਕੋਈ ਵੀ ਵਿਸ਼ੇਸ਼ ਪੈਕੇਜ ਨਹੀਂ ਦਿੱਤਾ ਗਿਆ | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਵਿਚ ਵੱਡਾ ਯੋਗਦਾਨ ਪਾਉਣ ਬਦਲੇ ਵੱਡੇ ਨੁਕਸਾਨ ਝੱਲੇ ਨੇ, ਪਰ ਕੇਂਦਰੀ ਸਰਕਾਰਾਂ ਨੇ ਹਮੇਸ਼ਾ ਧੋਖਾ ਕੀਤਾ | ਉਨ੍ਹਾਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਪੇਂਡੂ ਵਿਕਾਸ ਫ਼ੰਡ ਦਾ ਬਕਾਇਆ ਪਿਆ 8500 ਕਰੋੜ ਰੁਪਏ ਵੀ ਜਾਰੀ ਕਰਨ ਬਾਰੇ ਵੀ ਕੋਈ ਐਲਾਨ ਨਹੀਂ ਕੀਤਾ ਗਿਆ | ਇਸ ਮੌਕੇ ਹਲਕੇ ਦੇ ਸੀਨੀਅਰ ਆਪ ਆਗੂਆਂ ਸਰਪੰਚ ਸੁਖਵਿੰਦਰ ਸਿੰਘ ਸੌਂਦ ਠੱਟਾ ਨਵਾਂ, ਬਿਕਰਮ ਸਿੰਘ ਸਰਪੰਚ ਉੱਚਾ, ਨੰਬਰਦਾਰ ਜਤਿੰਦਰ ਸਿੰਘ ਜੱਜੀ, ਸਰਪੰਚ ਹਰਭਜਨ ਸਿੰਘ ਉੱਚਾ, ਦਿਲਪ੍ਰੀਤ ਸਿੰਘ ਪ੍ਰਧਾਨ, ਚੇਅਰਮੈਨ ਮੁਹੰਮਦ ਰਫ਼ੀ ਆਦਿ ਨੇ ਵੀ ਕੇਂਦਰੀ ਬਜਟ ਵਿਚ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਤੇ ਮੋਦੀ ਸਰਕਾਰ ਦੀ ਨਿੰਦਾ ਕੀਤੀ ਹੈ ਅਤੇ ਘਟੀਆ ਪੱਧਰ ਦੀ ਰਾਜਨੀਤੀ ਕਰਨ ਦੀ ਨਿੰਦਿਆ ਕੀਤੀ ਹੈ |