ਸੁਲਤਾਨਪੁਰ ਲੋਧੀ, 4 ਫਰਵਰੀ (ਨਰੇਸ਼ ਹੈਪੀ, ਥਿੰਦ)- ਵਾਤਾਵਰਨ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਕਿਸਾਨਾਂ ਦੇ ਹੱਕ ਵਿਚ ਰਾਜ ਸਭਾ ਵਿਚ ਪੁੱਛੇ ਗਏ ਸਵਾਲਾਂ ਦੇ ਜਵਾਬ ਵਿਚ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਅੰਕੜੇ ਕਿਸਾਨ ਵਿਰੋਧੀ ਅਤੇ ਕਾਰਪੋਰੇਟ-ਪੱਖੀ ਨੀਤੀ ਨੂੰ ਸਪਸ਼ਟ ਤੌਰ 'ਤੇ ਬੇਨਕਾਬ ਕਰਦੇ ਹਨ | ਸਰਕਾਰ ਦੇ ਜਵਾਬ ਮੁਤਾਬਿਕ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਦੇ 9.86 ਲੱਖ ਕਰੋੜ ਰੁਪਏ ਤੋਂ ਵੱਧ ਦੇ ਕਰਜ਼ੇ 'ਰਿਟਨ-ਆਫ' ਕੀਤੇ ਗਏ ਹਨ, ਜੋ ਅਸਲ ਵਿਚ ਇੱਕ ਤਰ੍ਹਾਂ ਦੀ ਕਰਜ਼ਾ ਮੁਆਫ਼ੀ ਹੀ ਹੈ | ਇਸ ਦੇ ਉਲਟ, ਖੇਤੀਬਾੜੀ ਅਤੇ ਸਹਾਇਕ ਖੇਤਰਾਂ ਨੂੰ ਸਿਰਫ਼ 1.67 ਲੱਖ ਕਰੋੜ ਰੁਪਏ ਦੀ ਰਾਹਤ ਮਿਲੀ ਹੈ, ਜੋ ਕਿ ਇਸਦੇ ਮੁਕਾਬਲੇ ਬਹੁਤ ਹੀ ਘੱਟ ਹੈ | ਰਾਜ ਸਭਾ ਵਿਚ ਕੇਂਦਰੀ ਮੰਤਰੀ ਸ਼੍ਰੀ ਪੰਕਜ ਚੌਧਰੀ ਵੱਲੋਂ ਪੇਸ਼ ਕੀਤੇ ਸਰਕਾਰੀ ਅੰਕੜਿਆਂ ਅਨੁਸਾਰ 2014 ਤੋਂ ਲੈ ਕੇ 30 ਸਤੰਬਰ 2025 ਤੱਕ ਸਿਰਫ਼ ਵੱਡੇ ਉਦਯੋਗਾਂ ਦੇ ਲਗਭਗ 7.21 ਲੱਖ ਕਰੋੜ ਰੁਪਏ ਦੇ ਕਰਜ਼ੇ ਰਿਟਨ-ਆਫ ਕੀਤੇ ਗਏ ਹਨ ਜਦਕਿ ਵੱਡੇ ਵਪਾਰੀਆਂ ਨੂੰ ਵੀ 2.65 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਹਤ ਦਿੱਤੀ ਗਈ ਹੈ | ਇਸ ਦੇ ਮੁਕਾਬਲੇ ਵਿਚ ਖੇਤੀਬਾੜੀ ਖੇਤਰ ਲਈ ਕਰਜ਼ਾ ਮੁਆਫ਼ੀ ਦੀ ਰਕਮ ਬਹੁਤ ਹੀ ਘੱਟ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ, 'ਜਦੋਂ ਵੱਡੇ ਕਾਰਪੋਰੇਟ ਹਜ਼ਾਰਾਂ ਕਰੋੜਾਂ ਰੁਪਏ ਦਾ ਕਰਜ਼ਾ ਨਹੀਂ ਚੁਕਾਉਂਦੇ, ਤਾਂ ਉਸ ਨੂੰ ਨੀਤੀ ਦੇ ਨਾਂਅ 'ਤੇ 'ਰਿਟਨ-ਆਫ' ਕਰ ਦਿੱਤਾ ਜਾਂਦਾ ਹੈ ਪਰ ਜਦੋਂ ਕਿਸਾਨ ਮੌਸਮ ਦੀ ਮਾਰ, ਫ਼ਸਲਾਂ ਦੇ ਨੁਕਸਾਨ ਤੇ ਘੱਟ ਸਮਰਥਨ ਮੁੱਲ ਕਾਰਨ ਕਰਜ਼ੇ ਦੇ ਬੋਝ ਹੇਠ ਦੱਬਦਾ ਹੈ ਤਾਂ ਉਸ ਨੂੰ ਕਰਜ਼ਾ ਮੁਆਫ਼ੀ ਨਹੀਂ ਮਿਲਦੀ, ਸਗੋਂ ਸਵਾਲਾਂ ਤੇ ਸ਼ਰਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ |' ਉਨ੍ਹਾਂ ਕਿਹਾ ਕਿ 'ਰਿਟਨ-ਆਫ' ਤੇ 'ਕਰਜ਼ਾ ਮੁਆਫ਼ੀ' ਵਿਚਕਾਰ ਫ਼ਰਕ ਦਿਖਾ ਕੇ ਲੋਕਾਂ ਦੀਆਂ ਅੱਖਾਂ ਵਿਚ ਧੂੜ ਪਾਈ ਜਾ ਰਹੀ ਹੈ | ਹਕੀਕਤ ਇਹ ਹੈ ਕਿ ਕਾਰਪੋਰੇਟਾਂ ਲਈ ਰਿਟਨ-ਆਫ ਇੱਕ ਵੱਡੀ ਰਾਹਤ ਹੈ ਜਦਕਿ ਕਿਸਾਨਾਂ ਲਈ ਕੋਈ ਸਥਾਈ ਤੇ ਨੀਤੀ ਮੌਜੂਦ ਨਹੀਂ | ਸੰਤ ਸੀਚੇਵਾਲ ਨੇ ਸਵਾਲ ਉਠਾਇਆ ਕਿ ਜੇ ਬੈਂਕਾਂ ਕੋਲ ਕਾਰਪੋਰੇਟਾਂ ਨੂੰ ਲੱਖਾਂ ਕਰੋੜ ਰੁਪਏ ਦੀ ਰਾਹਤ ਦੇਣ ਦੀ ਸਮਰੱਥਾ ਹੈ ਤਾਂ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਕਿਉਂ ਨਹੀਂ? ਕੀ ਦੇਸ਼ ਦੀ ਆਰਥਿਕਤਾ ਸਿਰਫ਼ ਕਾਰਪੋਰੇਟਾਂ ਨਾਲ ਹੀ ਚੱਲਦੀ ਹੈ, ਅੰਨਦਾਤੇ ਨਾਲ ਨਹੀਂ? ਉਨ੍ਹਾਂ ਕਿਹਾ ਕਿ ਕਰੋਨਾ ਕਾਲ ਦੌਰਾਨ, ਜਦੋਂ ਵਪਾਰ ਤੇ ਉਦਯੋਗ ਪੂਰੀ ਤਰ੍ਹਾਂ ਬੰਦ ਸਨ, ਉਸ ਸਮੇਂ ਦੇਸ਼ ਦਾ ਢਿੱਡ ਕਿਸਾਨਾਂ ਨੇ ਹੀ ਭਰਿਆ ਤੇ ਰੁਜ਼ਗਾਰ ਵੀ ਦਿੱਤਾ | ਉਨ੍ਹਾਂ ਮੰਗ ਕੀਤੀ ਕਿ ਆਰਥਿਕ ਨੀਤੀਆਂ ਵਿਚ ਕਾਰਪੋਰੇਟ ਤੇ ਖੇਤੀਬਾੜੀ ਖੇਤਰ ਲਈ ਬਣਾਏ ਗਏ ਦੋਹਰੇ ਮਾਪਦੰਡ ਨੂੰ ਤੁਰੰਤ ਖ਼ਤਮ ਕੀਤਾ ਜਾਵੇ | ਸੰਤ ਸੀਚੇਵਾਲ ਨੇ ਕਿਹਾ ਕਿ ਕਿਸਾਨ ਅੱਜ ਵੀ ਕਰਜ਼ੇ ਦੇ ਬੋਝ ਹੇਠ ਖ਼ੁਦਕੁਸ਼ੀ ਕਰਨ ਲਈ ਮਜਬੂਰ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਸਰਕਾਰ ਨੇ ਹੁਣ ਕਿਸਾਨ ਖੁਦਕੁਸ਼ੀਆਂ ਦੇ ਅੰਕੜੇ ਜਾਰੀ ਕਰਨੇ ਵੀ