ਕਪੂਰਥਲਾ, 5 ਫਰਵਰੀ (ਅਮਰਜੀਤ ਕੋਮਲ)- ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਅਰਬਨ ਅਸਟੇਟ ਤੇ ਸੀਡ ਫਾਰਮ ਕਪੂਰਥਲਾ ਨੂੰ ਵੱਖਰਾ ਵਾਰਡ ਬਣਾਇਆ ਜਾਵੇ ਤਾਂ ਜੋ ਇੱਥੋਂ ਦੇ ਨਿਵਾਸੀਆਂ ਨੂੰ ਵੀ ਨਗਰ ਨਿਗਮਾਂ ਵਿਚ ਢੁਕਵੀਂ ਪ੍ਰਤੀਨਿਧਤਾ ਮਿਲ ਸਕੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਅਨੁਜ ਆਨੰਦ ਪ੍ਰਧਾਨ ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ, ਉੱਘੇ ਸਮਾਜ ਸੇਵਕ ਕੇ.ਐਸ. ਨਾਗਰਾ ਤੇ ਦਿਨਕਰ ਸੰਗਰ ਨੇ ਕਿਹਾ ਕਿ ਅਰਬਨ ਅਸਟੇਟ ਤੇ ਸੀਡ ਫਾਰਮ ਵੱਖ-ਵੱਖ ਸਹੂਲਤਾਂ ਵਾਲਾ ਰਿਹਾਇਸ਼ੀ ਖੇਤਰ ਹੈ | ਇਸ ਦੇ ਬਾਵਜੂਦ ਵੀ ਅਰਬਨ ਅਸਟੇਟ ਨੂੰ ਵਾਰਡ 13, 16 ਤੇ 17 ਵਿਚ ਵੰਡ ਕੇ ਹੋਰ ਖੇਤਰਾਂ ਨਾਲ ਜੋੜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਅਰਬਨ ਅਸਟੇਟ ਨੂੰ ਤਿੰਨ ਵਾਰਡਾਂ ਵਿਚ ਵੰਡਣਾ ਤੇ ਵੰਡ ਕੇ ਹੋਰ ਇਲਾਕਿਆਂ ਨਾਲ ਜੋੜਣਾ ਅਰਬਨ ਅਸਟੇਟ ਦੇ ਵਾਸੀਆਂ ਨਾਲ ਬੇਇਨਸਾਫ਼ੀ ਹੈ ਕਿਉਂਕਿ ਇੰਨੀ ਵੱਡੀ ਵਸੋਂ ਵਾਲੇ ਅਰਬਨ ਅਸਟੇਟ ਦੇ ਲੋਕ ਆਪਣੀਆਂ ਮੁਸ਼ਕਲਾਂ ਲਈ ਦੂਜੇ ਖੇਤਰਾਂ ਵਿਚ ਜਾ ਕੇ ਨਗਰ ਕੌਂਸਲਰਾਂ ਨਾਲ ਮਿਲਦੇ ਹਨ | ਨਗਰ ਨਿਗਮ ਵਲੋਂ ਅਰਬਨ ਅਸਟੇਟ ਤੇ ਸੀਡ ਫਾਰਮ ਨੂੰ ਹਰ ਪੱਖ ਤੋਂ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਜਿਸ ਤੋਂ ਅਰਬਨ ਅਸਟੇਟ ਦੇ ਵਾਸੀ ਖਫ਼ਾ ਹਨ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਿਹਾ ਕਿ ਅਰਬਨ ਅਸਟੇਟ ਤੇ ਸੀਡ ਫਾਰਮ ਦਾ ਸਰਵੇ ਕਰਵਾਇਆ ਜਾਵੇ ਤਾਂ ਜੋ ਲੋਕਾਂ ਦੀ ਵਾਰਡ ਬਣਾਉਣ ਸਬੰਧੀ ਭਾਵਨਾਵਾਂ ਦਾ ਪਤਾ ਲੱਗ ਸਕੇ | ਜੇ ਇਸ ਤਜਵੀਜ਼ ਨੂੰ ਬਹੁਮਤ ਮਿਲੇ ਤਾਂ ਫ਼ੌਰੀ ਵੱਖਰਾ ਵਾਰਡ ਬਣਾਉਣ ਦਾ ਫ਼ੈਸਲਾ ਲਿਆ ਜਾਵੇ | ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਆਗਾਮੀ ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਇਸ ਮੰਗ ਨੂੰ ਅਮਲੀ ਰੂਪ ਦਿੱਤਾ ਜਾਵੇ | ਵਰਨਣਯੋਗ ਹੈ ਕਿ ਪਿਛਲੀਆਂ ਨਗਰ ਨਿਗਮ ਦੀਆਂ ਚੋਣਾਂ ਤੋਂ ਪਹਿਲਾਂ ਅਰਬਨ ਅਸਟੇਟ ਦੇ ਵਾਸੀਆਂ ਨੇ ਵੱਖਰਾ ਵਾਰਡ ਬਣਾਉਣ ਦੀ ਮੰਗ ਕੀਤੀ ਸੀ ਤੇ ਉਨ੍ਹਾਂ ਦੀ ਇਸ ਮੰਗ ਨੂੰ ਉਸ ਸਮੇਂ ਵੀ ਅਣਗੌਲਿਆ ਕਰ ਦਿੱਤਾ ਗਿਆ ਸੀ |