ਸੁਲਤਾਨਪੁਰ ਲੋਧੀ, 5 ਫਰਵਰੀ (ਥਿੰਦ)- ਅਮਰੀਕਾ ਦੇ ਦਬਾਅ ਹੇਠ ਆ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਕਿਸਾਨਾਂ ਦੇ ਹਿਤਾਂ ਨੂੰ ਨਜ਼ਰਅੰਦਾਜ਼ ਕਰਦਿਆਂ ਕੀਤੇ ਗਏ ਵਪਾਰ ਸਮਝੌਤੇ ਨਾਲ ਖੇਤੀਬਾੜੀ ਵਿਵਸਥਾ ਲੜਖੜਾ ਜਾਵੇਗੀ ਜਿਸ ਨਾਲ ਦੇਸ਼ ਦੇ ਕਿਸਾਨ ਦੀ ਹਾਲਤ ਹੋਰ ਗੰਭੀਰ ਹੋ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਸੁਲਤਾਨਪੁਰ ਲੋਧੀ ਤੋਂ ਸੀਨੀਅਰ ਆਗੂ ਤੇ ਸਮਾਜ ਸੇਵਕ ਗਗਨਦੀਪ ਸਿੰਘ ਸੁੱਖ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਖਿੰਡਾ ਤੇ ਆੜ੍ਹਤੀਆ ਐਸੋਸੀਏਸ਼ਨ ਦੇ ਆਗੂ ਸੁਖਪਾਲਬੀਰ ਸਿੰਘ ਝੰਡੂਵਾਲਾ ਨੇ ਕਿਹਾ ਕਿ ਦੇਸ਼ ਦੀ ਆਰਥਿਕਤਾ ਮੁੱਖ ਤੌਰ 'ਤੇ ਖੇਤੀਬਾੜੀ 'ਤੇ ਨਿਰਭਰ ਹੈ | ਅਮਰੀਕਾ ਨਾਲ ਹੋਏ ਸਮਝੌਤੇ ਨਾਲ ਦੇਸ਼ ਦੇ ਕਿਸਾਨਾਂ ਨੂੰ ਫ਼ਸਲਾਂ ਦਾ ਸਹੀ ਮੁੱਲ ਨਹੀਂ ਮਿਲੇਗਾ ਕਿਉਂਕਿ ਇਹ ਭਾਰਤ ਦੇ ਕਿਸਾਨਾਂ ਦੇ ਉਤਪਾਦ ਅਮਰੀਕਾ 'ਚ ਨਹੀਂ ਵਿਕਣਗੇ ਕਿਉਂਕਿ ਇਸ ਉੱਪਰ 18 ਫ਼ੀਸਦੀ ਟੈਰਿਫ਼ ਲੱਗ ਜਾਵੇਗਾ ਜਦਕਿ ਅਮਰੀਕਾ ਤੋਂ ਆਉਣ ਵਾਲੀਆਂ ਵਸਤਾਂ ਭਾਰਤ 'ਚ ਬਿਨਾਂ ਟੈਰਿਫ਼ ਦੇ ਵਿਕਣਗੀਆਂ | ਉਨ੍ਹਾਂ ਨੇ ਕਿਹਾ ਕਿ ਇਸ ਸਮਝੌਤੇ ਨਾਲ ਜ਼ਮੀਨਾਂ ਦੇ ਰੇਟ ਵੀ ਹੇਠਾਂ ਡਿੱਗਣਗੇ ਕਿਉਂਕਿ ਕਿਸਾਨਾਂ ਨੂੰ ਫ਼ਸਲਾਂ ਤੋਂ ਮੁਨਾਫ਼ਾ ਨਾ ਮਿਲਣ ਕਰਕੇ ਉਹ ਖੇਤੀਬਾੜੀ ਤੋਂ ਦੂਰ ਹੋ ਜਾਣਗੇ |