ਢਿਲਵਾਂ, 5 ਫ਼ਰਵਰੀ (ਪ੍ਰਵੀਨ ਕੁਮਾਰ, ਗੋਬਿੰਦ ਸੁਖੀਜਾ)-ਬੀਤੇ ਕੱਲ੍ਹ ਜ਼ਿਲੇ੍ਹ ਵਿਚ ਸੰਪੂਰਨਤਾ ਅਭਿਆਨ ਸਮਾਰੋਹ ਕਰਵਾਇਆ ਕੀਤਾ ਗਿਆ | ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਸ਼ਿਰਕਤ ਕੀਤੀ ਗਈ | ਇਸ ਦੌਰਾਨ ਨੀਤੀ ਆਯੋਗ ਤਹਿਤ ਵਧੀਆ ਕਾਰਗੁਜ਼ਾਰੀ ਅਤੇ ਆਮ ਲੋਕਾਂ ਨੂੰ ਜ਼ਮੀਨੀ ਪੱਧਰ 'ਤੇ ਬਿਹਤਰ ਸਿਹਤ ਸੇਵਾਵਾਂ ਦੇਣ ਲਈ ਬਲਾਕ ਢਿਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰੇਮ ਕੁਮਾਰ ਨੂੰ ਐਵਾਰਡ ਦੇ ਕਿ ਸਨਮਾਨਿਤ ਕੀਤਾ ਗਿਆ | ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਪ੍ਰੇਮ ਕੁਮਾਰ ਨੇ ਦੱਸਿਆ ਕਿ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਪਿਰੇਸ਼ਨਲ ਅਧੀਨ ਬਲਾਕ ਢਿਲਵਾਂ ਦੇ ਵੱਖ-ਵੱਖ 46 ਪਿੰਡਾਂ 'ਚ ਸੀ.ਐਚ.ਓ., ਏ.ਐਨ.ਐਮਜ਼, ਮ.ਪ.ਹ.ਵ ਤੇ ਆਸ਼ਾ ਵਰਕਰਾਂ ਵੱਲੋਂ ਕੇ.ਪੀ.ਆਈ. ਸੰਬੰਧੀ ਬਹੁਤ ਵਧੀਆ ਕੰਮ ਕੀਤਾ ਗਿਆ ਜਿਸ ਤਹਿਤ ਬਲਾਕ ਢਿਲਵਾਂ ਦੀ ਵਧੀਆ ਕਾਰਗੁਜ਼ਾਰੀ ਲਈ ਅੱਜ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਬਲਾਕ ਢਿਲਵਾਂ ਦੇ ਬੀ.ਈ.ਈ. ਮੋਨਿਕਾ, ਸੀ.ਐਚ.ਓ. ਗੁਰਪ੍ਰੀਤ ਕੌਰ, ਲਵਲੀਨ ਕੌਰ, ਏ.ਐਨ.ਐਮ. ਲਖਵਿੰਦਰ ਕੌਰ, ਮਨਦੀਪ ਕੌਰ ਤੇ ਆਸ਼ਾ ਵਰਕਰਾਂ ਨੂੰ ਵੀ ਪ੍ਰਮਾਣ ਪੱਤਰ ਦੇ ਕਿ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵੀ ਬਲਾਕ ਢਿਲਵਾਂ ਦਾ ਸਟਾਫ਼ ਇਸੇ ਤਰ੍ਹਾਂ ਜ਼ਮੀਨੀ ਪੱਧਰ ਤੇ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਅਤੇ ਸੇਵਾਵਾਂ ਦੇਣ ਵਿਚ ਆਪਣੀ ਵਧੀਆ ਕਾਰਗੁਜ਼ਾਰੀ ਅਤੇ ਤਨਦੇਹੀ ਨਾਲ ਕੰਮ ਕਰੇਗਾ |