ਭੁਲੱਥ, 24 ਫਰਵਰੀ (ਮੇਹਰ ਚੰਦ ਸਿੱਧੂ)-ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਚਟਾਨ ਵਾਂਗ ਖੜੇ ਹਾਂ ਤੇ ਧੱਕੇਸ਼ਾਹੀਆਂ ਖ਼ਿਲਾਫ਼ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਾਂਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸੀ ਆਗੂ ਪ੍ਰਧਾਨ ਅਮਰੀਕ ਸਿੰਘ ਬੋਪਾਰਾਏ ਯੂ.ਐਸ.ਏ. ਨੇ ਕਿਹਾ ਕਿ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਹਮੇਸ਼ਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਿਆਂ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਅਵਾਮ ਦੀ ਗੱਲ ਕਰ ਰਹੇ ਹਨ ਤੇ ਇਕ ਦਿਨ ਪਹਿਲਾਂ ਪ੍ਰਸ਼ਾਸਨ ਦੀ ਧੱਕੇਸ਼ਾਹੀ ਤੇ ਉਨ੍ਹਾਂ ਦੇ ਘਰ ਦੀਆਂ ਕੰਧਾਂ ਢਾਉਣ ਲਈ ਜੋ ਪੀਲਾ ਪੰਜਾ ਚਲਾਇਆ ਗਿਆ, ਜੋ ਕਿ ਇਕ ਬਹੁਤ ਹੀ ਨਿੰਦਣਯੋਗ ਕਾਰਨਾਮਾ ਹੈ, ਜਿਸ ਦੀ ਸੂਬਾ ਪੰਜਾਬ ਦੇ ਅਗਾਂਹ ਵਧੂ ਸੋਚ ਦੇ ਲੋਕਾਂ ਵੱਲੋਂ ਵੀ ਤੇ ਦੁਨੀਆ ਭਰ ਵਿਚ ਇਸ ਦੀ ਨਿਖੇਧੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਅੰਦਰ ਧੱਕੇਸ਼ਾਹੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕਰਕੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ |