ਕਪੂਰਥਲਾ, 26 ਫਰਵਰੀ (ਅਮਰਜੀਤ ਕੋਮਲ)-ਲਾਇਲਪੁਰ ਖ਼ਾਲਸਾ ਕਾਲਜ ਅਰਬਨ ਅਸਟੇਟ ਕਪੂਰਥਲਾ ਵਿਚ ਕਰਵਾਈ ਗਈ ਸਾਲਾਨਾ ਸਪੋਰਟਸ ਮੀਟ ਵਿਚ ਕਾਲਜ ਦੇ 350 ਦੇ ਕਰੀਬ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ | ਸਪੋਰਟਸ ਮੀਟ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਵਰਿੰਦਰਪਾਲ ਸਿੰਘ ਬਾਜਵਾ ਐਡੀਸ਼ਨਲ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਕਪੂਰਥਲਾ ਤੇ ਵਿਸ਼ੇਸ਼ ਮਹਿਮਾਨ ਅੰਤਰਰਾਸ਼ਟਰੀ ਹਾਕੀ ਖਿਡਾਰੀ ਰਿਪੂਦਮਨਜੀਤ ਸਿੰਘ, ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਭਜਨ ਸਿੰਘ ਲਾਸਾਨੀ ਤੇ ਕਾਲਜ ਦੇ ਪਿ੍ੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਸਾਂਝੇ ਤੌਰ 'ਤੇ ਕੀਤਾ | ਸਪੋਰਟਸ ਮੀਟ ਦੀ ਆਰੰਭਤਾ ਤੋਂ ਪਹਿਲਾਂ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਅਮਰੀਕ ਸਿੰਘ ਨੇ ਵਿਦਿਆਰਥੀਆਂ ਨੂੰ ਖੇਡ ਦੇ ਨਿਯਮਾਂ ਤੇ ਮਹੱਤਵ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਉਨ੍ਹਾਂ ਨੂੰ ਆਪਣੇ ਆਪ ਨੂੰ ਫਿੱਟ ਰੱਖਣ ਤੇ ਹਰ ਰੋਜ਼ 30 ਮਿੰਟ ਖੇਡਾਂ ਵਿਚ ਭਾਗ ਲੈਣ ਸਬੰਧੀ ਸਹੁੰ ਚੁਕਾਈ | ਮਾਰਚ ਪਾਸਟ ਤੋਂ ਬਾਅਦ ਲੜਕਿਆਂ ਦੀ 100 ਮੀਟਰ, 200 ਮੀਟਰ ਦੌੜ, ਸ਼ੇਕ ਰੇਸ, ਰੱਸਾ ਕੱਸੀ, ਲੰਬੀ ਛਾਲ, ਜੈਵਲਿਨ ਥਰੋਅ, ਡਿਸਕਸ ਥਰੋਅ, ਸ਼ਾਰਟਪੁੱਟ, ਸਪੂਨ ਰੇਸ ਤੇ ਲੜਕੀਆਂ ਦੀ ਦੌੜ ਤੋਂ ਇਲਾਵਾ ਥ੍ਰੀ ਲੈੱਗ ਦੌੜ, ਸਪੂਨ ਰੇਸ, ਰੱਸਾਕਸੀ, ਲੰਬੀ ਛਾਲ ਆਦਿ ਖੇਡਾਂ ਦੇ ਮੁਕਾਬਲੇ ਕਰਵਾਏ ਗਏ | ਸਪੋਰਟਸ ਮੀਟ ਵਿਚ ਬੀ.ਬੀ.ਏ. ਦੂਜੇ ਸਮੈਸਟਰ ਦੀ ਵਿਦਿਆਰਥਣ ਅਰਸ਼ਦੀਪ ਕੌਰ ਲੜਕੀਆਂ ਵਿਚੋਂ ਬੈੱਸਟ ਅਥਲੀਟ ਤੇ ਬੀ.ਕਾਮ ਦੂਜੇ ਸਮੈਸਟਰ ਦੇ ਵਿਦਿਆਰਥੀ ਜੋਬਨਪ੍ਰੀਤ ਸਿੰਘ ਨੂੰ ਲੜਕਿਆਂ ਵਿਚੋਂ ਬੈੱਸਟ ਅਥਲੀਟ ਐਲਾਨਿਆ ਗਿਆ | ਖੇਡਾਂ ਵਿਚ ਵੱਖ-ਵੱਖ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਰਿੰਦਰਪਾਲ ਸਿੰਘ ਬਾਜਵਾ, ਰਿਪੂਦਮਨਜੀਤ ਸਿੰਘ, ਗੁਰਭਜਨ ਸਿੰਘ ਲਾਸਾਨੀ ਤੇ ਡਾ. ਬਲਦੇਵ ਸਿੰਘ ਢਿੱਲੋਂ ਨੇ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ | ਇਨਾਮ ਤਕਸੀਮ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਰਿੰਦਰਪਾਲ ਸਿੰਘ ਬਾਜਵਾ ਨੇ ਕਿਹਾ ਕਿ ਖੇਡਾਂ ਬੱਚਿਆਂ ਦੇ ਸਰੀਰਕ, ਮਾਨਸਿਕ ਤੇ ਬੋਧਿਕ ਵਿਕਾਸ ਲਈ ਬਹੁਤ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਕਾਲਜ ਵਿਚ ਪੜ੍ਹਾਈ ਦੇ ਨਾਲ-ਨਾਲ ਕਰਵਾਈਆਂ ਜਾਣ ਵਾਲੀਆਂ ਖੇਡ ਗਤੀਵਿਧੀਆਂ ਉਨ੍ਹਾਂ ਵਿਚ ਛੁਪੀ ਪ੍ਰਤਿਭਾ ਨੂੰ ਉਜਾਗਰ ਕਰਦੀਆਂ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਬੋਲਦਿਆਂ ਰਿਪੂਦਮਨਜੀਤ ਸਿੰਘ ਨੇ ਹੋਣਹਾਰ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਖੇਡਾਂ ਵਿਚ ਸਾਨੂੰ ਹਾਰ-ਜਿੱਤ ਦੀ ਪ੍ਰਵਾਹ ਨਾ ਕਰਦੇ ਹੋਏ ਨਿਰੰਤਰ ਭਾਗ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਖੇਡਾਂ ਬੱਚਿਆਂ ਵਿਚ ਮੁਕਾਬਲੇ ਦੀ ਭਾਵਨਾ ਦੇ ਨਾਲ ਉਨ੍ਹਾਂ ਵਿਚ ਆਤਮਵਿਸ਼ਵਾਸ ਵੀ ਪੈਦਾ ਕਰਦੀਆਂ ਹਨ | ਇਸਤੋਂ ਪਹਿਲਾਂ ਕਾਲਜ ਦੇ ਪਿ੍ੰਸੀਪਲ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਜੀ ਆਇਆਂ ਕਿਹਾ ਤੇ ਵਿਦਿਆਰਥੀਆਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ | ਇਸੇ ਦੌਰਾਨ ਕਾਲਜ ਪ੍ਰਬੰਧਕ ਕਮੇਟੀ ਵਲੋਂ ਪਿ੍ੰਸੀਪਲ ਤੇ ਹੋਰ ਸਟਾਫ਼ ਮੈਂਬਰਾਂ ਨੇ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੂੰ ਸਨਮਾਨਿਤ ਕੀਤਾ | ਕਾਲਜ ਦੇ ਡੀਨ ਸਪੋਰਟਸ ਪ੍ਰੋ. ਮਨਜਿੰਦਰ ਸਿੰਘ ਜੌਹਲ ਨੇ ਸਾਲਾਨਾ ਸਪੋਰਟਸ ਮੀਟ ਦੀ ਸਫ਼ਲਤਾ ਲਈ ਕਾਲਜ ਦੇ ਵਿਦਿਆਰਥੀਆਂ ਤੇ ਸਟਾਫ਼ ਦਾ ਤਹਿਦਿਲੋਂ ਧੰਨਵਾਦ ਕੀਤਾ | ਮੀਟ ਦੌਰਾਨ ਪ੍ਰੋ. ਵਰਿੰਦਰਪਾਲ ਸਿੰਘ, ਪ੍ਰੋ. ਦਮਨਜੀਤ ਕੌਰ ਤੇ ਪ੍ਰੋ. ਜਸਪ੍ਰੀਤ ਕੌਰ ਨੇ ਮੰਚ ਸੰਚਾਲਨ ਦੇ ਫ਼ਰਜ ਨਿਭਾਏ | ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਸੀਨੀਅਰ ਐਡਵੋਕੇਟ ਅਨੁਜ ਅਨੰਦ, ਅੰਤਰਰਾਸ਼ਟਰੀ ਕਬੱਡੀ ਕੋਚ ਚਰਨਜੀਤ ਸਿੰਘ, ਅੰਤਰਰਾਸ਼ਟਰੀ ਕਬੱਡੀ ਅਫ਼ੀਸ਼ੀਅਲ ਪਰਮਜੀਤ ਸਿੰਘ ਤੋਂ ਇਲਾਵਾ ਕਾਲਜ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ |