ਕਪੂਰਥਲਾ, 2 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਦੇ ਸਿੱਖਿਆ ਮੰਤਰੀ ਵਲੋਂ ਲੰਮੇ ਸਮੇਂ ਤੋਂ ਸਿੱਖਿਆ ਵਿਭਾਗ 'ਚ ਸੇਵਾਵਾਂ ਨਿਭਾਅ ਰਹੇ ਪੱਕੇ ਅਧਿਆਪਕਾਂ 'ਤੇ ਟੈੱਟ ਪਾਸ ਦੀ ਬੇਲੋੜੀ ਸ਼ਰਤ ਜਬਰੀ ਥੋਪਣ ਸੰਬੰਧੀ ਵਿਚਾਰ ਕਰਨ ਦੇ ਭਰੋਸੇ ਤੋਂ ਬਾਅਦ ਸਿੱਖਿਆ ਮੰਤਰੀ ਵਲੋਂ ਕੀਤੀ ਗਈ ਮੀਟਿੰਗ 'ਚ ਅਧਿਆਪਕਾਂ ਨਾਲ ਕੀਤੇ ਗਏ ਵਾਅਦੇ ਤੋਂ ਮੁੱਕਰ ਜਾਣ 'ਤੇ ਰੋਹ ਵਿਚ ਆਏ ਅਧਿਆਪਕਾਂ ਨੇ ਵੱਖ-ਵੱਖ ਥਾਵਾਂ 'ਤੇ ਸਿੱਖਿਆ ਮੰਤਰੀ ਦੇ ਪੁਤਲੇ ਸਾੜ ਕੇ ਰੋਸ ਵਿਖਾਵਾ ਕੀਤਾ | ਇਸੇ ਸੰਬੰਧ ਵਿਚ ਹੀ ਡੈਮੋਕਰੈਟਿਕ ਟੀਚਰ ਫ਼ਰੰਟ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਚਰਨਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਜੋਤੀ ਮਹਿੰਦਰੂ ਤੇ ਜੁਆਇੰਟ ਸਕੱਤਰ ਹਰਪ੍ਰੀਤਪਾਲ ਸਿੰਘ ਦੀ ਅਗਵਾਈ 'ਚ ਸਥਾਨਕ ਸ਼ਾਲੀਮਾਰ ਬਾਗ ਵਿਚ ਅਧਿਆਪਕਾਂ ਨੇ ਇਕੱਤਰ ਹੋ ਕੇ ਸਿੱਖਿਆ ਮੰਤਰੀ ਦਾ ਪੁਤਲਾ ਸਾੜਿਆ ਤੇ ਉਨ੍ਹਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰੀ ਸ਼ਰਤਾਂ ਤੇ ਨਿਯਮ ਪੂਰੇ ਕਰਕੇ ਭਰਤੀ ਹੋਏ ਪਿਛਲੇ 20-20 ਸਾਲਾਂ ਤੋਂ ਨੌਕਰੀ ਕਰ ਰਹੇ ਅਧਿਆਪਕਾਂ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਅਨੁਸਾਰ ਸਰਕਾਰ ਅਧਿਆਪਕਾਂ 'ਤੇ ਟੈੱਟ ਪਾਸ ਕਰਨ ਦੀ ਸ਼ਰਤ ਜਬਰੀ ਥੋਪਣ ਕਾਰਨ ਅਧਿਆਪਕ ਵਰਗ ਵਿਚ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਸਲੇ ਦਾ ਕੋਈ ਢੁੱਕਵਾਂ ਹੱਲ ਕੱਢਣ ਦੀ ਬਜਾਏ ਉਨ੍ਹਾਂ ਨੂੰ ਨੌਕਰੀ ਤੋਂ ਕੱਢਣ ਲਈ ਕਾਹਲ ਦਿਖਾ ਰਹੀ ਹੈ, ਜਿਸ ਨੂੰ ਅਧਿਆਪਕ ਬਰਦਾਸ਼ਤ ਨਹੀਂ ਕਰਨਗੇ ਤੇ ਸਮੁੱਚੇ ਦੇਸ਼ ਦੇ 25 ਲੱਖ ਤੋਂ ਵੱਧ ਸਰਕਾਰੀ ਅਧਿਆਪਕ ਦੇਸ਼ ਪੱਧਰੀ ਸੰਘਰਸ਼ ਛੇੜਨ ਲਈ ਮਜਬੂਰ ਹੋਣਗੇ | ਅਧਿਆਪਕ ਆਗੂਆਂ ਨੇ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ 2017 ਦਾ ਟੈੱਟ ਤੋਂ ਛੋਟ ਦੇਣ ਵਾਲਾ ਪੱਤਰ ਬਹਾਲ ਕਰਕੇ ਸੁਪਰੀਮ ਕੋਰਟ 'ਚ ਰਿਵਿਊ ਪਟੀਸ਼ਨ ਦਾਖਲ ਕੀਤੀ ਜਾਵੇ ਤੇ 8 ਮਾਰਚ ਤੋਂ 15 ਮਾਰਚ ਤੱਕ ਪੰਜਾਬ ਵਿਚ ਨੌਕਰੀ ਕਰ ਰਹੇ ਅਧਿਆਪਕਾਂ ਨੂੰ ਟੈੱਟ ਤੋਂ ਛੋਟ ਦਿੱਤੀ ਜਾਵੇ ਤੇ ਸਾਰੇ ਕਾਡਰਾਂ ਦੀਆਂ ਪੈਂਡਿੰਗ ਪਈਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ | ਇਸ ਮੌਕੇ ਅਧਿਆਪਕ ਆਗੂ ਅਪਿੰਦਰ ਸਿੰਘ, ਸਤਵਿੰਦਰ ਸਿੰਘ, ਦਿਨੇਸ਼ ਕੁਮਾਰ, ਬਿਕਰਮਜੀਤ ਸਿੰਘ, ਮਨਪ੍ਰੀਤ ਸਿੰਘ, ਸਿਮਰਜੀਤ ਸਿੰਘ, ਰੋਹਿਤ ਗੁਜਰਾਲ, ਸੁਨੀਲ ਕੁਮਾਰ, ਸੁਰਿੰਦਰ ਸਿੰਘ ਭੁੱਲਰ, ਹਰਜਿੰਦਰ ਸਿੰਘ, ਪਲਵਿੰਦਰ ਸਿੰਘ ਸਹੋਤਾ, ਮਿੰਟਾ ਧੀਰ, ਅੰਮਿ੍ਤਪਾਲ ਸਿੰਘ, ਮਨੀ ਪਾਠਕ, ਤੇਜਿੰਦਰ ਸਿੰਘ, ਸਿਮਰਨਜੀਤ ਸਿੰਘ, ਰਜਿੰਦਰ ਬਿੱਟੂ ਸੈਣੀ, ਮਨਪ੍ਰੀਤ ਸਿੰਘ, ਕੁਲਵਿੰਦਰ ਸਿੰਘ ਕੈਰੋਂ, ਗੁਰਦਿਆਲ ਸਿੰਘ ਪੱਡਾ, ਹਰਸਿਮਰਤ ਸਿੰਘ, ਗੁਲਸ਼ਨ ਕੁਮਾਰ, ਦਵਿੰਦਰ ਸਿੰਘ, ਨੇਹਾ ਮਹਿੰਦਰੂ, ਮੋਨਿਕਾ ਸੂਦ ਨਿਧੀ, ਕਰਮਜੀਤ, ਸ਼ਮਿੰਦਰ ਕੌਰ ਕੁਸਮ, ਅਸ਼ਮਿੰਦਰ ਕੌਰ, ਕੰਚਨ, ਅਰਵਿੰਦਰ ਕੌਰ, ਅਮਨ ਵਾਲੀਆ, ਰਮਨ ਵਾਲੀਆ, ਨਵਨੀਤ ਕੌਰ ਆਦਿ ਹਾਜ਼ਰ ਸਨ |