ਫਗਵਾੜਾ, 6 ਮਾਰਚ (ਹਰਜੋਤ ਸਿੰਘ ਚਾਨਾ)-ਸ੍ਰੀ ਵਿਸ਼ਵਕਰਮਾ ਚੈਰੀਟੇਬਲ ਹਸਪਤਾਲ ਟਰੱਸਟ ਤੇ ਸ੍ਰੀ ਵਿਸ਼ਵਕਰਮਾ ਧੀਮਾਨ ਸਭਾ ਵਲੋਂ ਐਮਰਜੈਂਸੀ ਸਿਹਤ ਸਥਿਤੀਆਂ 'ਚ ਜਾਨ ਬਚਾਉਣ ਲਈ ਜਾਣਕਾਰੀ ਦੇਣ ਦੇ ਮਕਸਦ ਨਾਲ 'ਬੇਸਿਕ ਲਾਈਫ਼ ਸਪੋਰਟ' ਟ੍ਰੇਨਿੰਗ ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਆਈ. ਐਮ. ਏ. ਤੇ ਰਾਮਗੜ੍ਹੀਆ ਨਰਸਿੰਗ ਕਾਲਜ ਸਤਨਾਮਪੁਰਾ ਦੇ ਸਹਿਯੋਗ ਨਾਲ 8 ਮਾਰਚ ਨੂੰ ਸਵੇਰੇ 9 ਵਜੇ ਸ੍ਰੀ ਵਿਸ਼ਵਕਰਮਾ ਮੰਦਰ ਫਗਵਾੜਾ ਦੇ ਗੋਲਡਨ ਜੁਬਲੀ ਹਾਲ 'ਚ ਕਰਵਾਇਆ ਜਾਵੇਗਾ | ਜਾਣਕਾਰੀ ਦਿੰਦਿਆਂ ਟਰੱਸਟ ਦੇ ਪ੍ਰਧਾਨ ਪ੍ਰਦੀਪ ਧੀਮਾਨ ਨੇ ਦੱਸਿਆ ਕਿ ਕਈ ਵਾਰ ਸੜਕ ਹਾਦਸੇ, ਦਿਲ ਦਾ ਦੌਰਾ, ਘੁੱਟਣ ਨਾਲ ਸਾਹ ਰੁਕਣਾ ਜਾਂ ਅਚਾਨਕ ਹੋਰ ਸਿਹਤ ਸੰਬੰਧੀ ਸਮੱਸਿਆ ਆ ਜਾਣ 'ਤੇ ਜੇਕਰ ਮੌਕੇ 'ਤੇ ਮੌਜੂਦ ਲੋਕਾਂ ਨੂੰ ਇਲਾਜ ਤੇ ਬੇਸਿਕ ਲਾਈਫ਼ ਸਪੋਰਟ ਦੀ ਜਾਣਕਾਰੀ ਹੋਵੇ ਤਾਂ ਸਮੇਂ ਸਿਰ ਕਿਸੇ ਦੀ ਕੀਮਤੀ ਜ਼ਿੰਦਗੀ ਬਚਾਈ ਜਾ ਸਕਦੀ ਹੈ | ਇਸੇ ਮਕਸਦ ਨੂੰ ਧਿਆਨ 'ਚ ਰੱਖਦੇ ਹੋਏ ਇਕ ਦਿਨ ਦਾ ਇਹ ਟ੍ਰੇਨਿੰਗ ਪ੍ਰੋਗਰਾਮ ਰੱਖਿਆ ਗਿਆ ਹੈ | ਇਸ ਮੌਕੇ ਡਾ. ਮੁਕੇਸ਼ ਗੁਪਤਾ, ਨੈਸ਼ਨਲ ਕੋਆਰਡੀਨੇਟਰ ਆਈ. ਆਰ. ਆਈ. ਏ. ਬੇਸਿਕ ਲਾਈਫ਼ ਸਪੋਰਟ, ਡਾ. ਅਵਿਨਾਸ਼ ਸਿੰਘ ਚੌਹਾਨ (ਐਮ. ਸੀ. ਐਚ. ਆਰਥੋ) ਤੇ ਆਈ. ਐਮ. ਏ. ਫਗਵਾੜਾ ਸ਼ਾਖਾ ਦੇ ਪ੍ਰਧਾਨ ਡਾ. ਤੁਸ਼ਾਰ ਅਗਰਵਾਲ ਹਾਜ਼ਰ ਰਹਿਣਗੇ | ਪ੍ਰੋਗਰਾਮ ਦੌਰਾਨ ਡੈਮੋ ਸਮੇਤ ਕਈ ਮਹੱਤਵਪੂਰਨ ਤੇ ਲਾਭਕਾਰੀ ਜਾਣਕਾਰੀਆਂ ਦਿੱਤੀਆਂ ਜਾਣਗੀਆਂ, ਜਿਨ੍ਹਾਂ ਦੀ ਐਮਰਜੈਂਸੀ ਸਮੇਂ ਸਹੀ ਤਰੀਕੇ ਨਾਲ ਵਰਤੋਂ ਕਰਕੇ ਕਿਸੇ ਵੀ ਕੀਮਤੀ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ | ਟ੍ਰੇਨਿੰਗ ਹਾਸਿਲ ਕਰਨ ਵਾਲਿਆਂ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਸਰਟੀਫਿਕੇਟ ਵੀ ਦਿੱਤੇ ਜਾਣਗੇ | ਪ੍ਰਦੀਪ ਧੀਮਾਨ, ਟਰੱਸਟ ਦੇ ਸਰਪ੍ਰਸਤ ਜਸਪਾਲ ਸਿੰਘ ਲਾਲ ਤੇ ਗੁਰਨਾਮ ਸਿੰਘ ਜੁਤਲਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ 'ਚ ਵੱਧ ਤੋਂ ਵੱਧ ਗਿਣਤੀ 'ਚ ਸ਼ਮੂਲੀਅਤ ਕਰਕੇ ਬੇਸਿਕ ਲਾਈਫ਼ ਸਪੋਰਟ ਕੋਰਸ ਬਾਰੇ ਜਾਣਕਾਰੀ ਪ੍ਰਾਪਤ ਕਰਨ | ਇਸ ਮੌਕੇ ਅਮੋਲਕ ਸਿੰਘ ਝੀਤਾ, ਡਾ. ਸਮਦੀਸ਼ਾ, ਡਾ. ਕੋਮਲ, ਡਾ. ਗੋਪਾਲ ਕੌਸ਼ਲ, ਡਾ. ਓਸ਼ਿਨ ਮਿੱਡਾ, ਡਾ. ਦੀਪਾ ਯਾਦਵ, ਜਰਨੈਲ ਸਿੰਘ ਤੇ ਆਫ਼ਿਸ ਇੰਚਾਰਜ ਬਲਵਿੰਦਰ ਸਿੰਘ ਰਤਨ ਵੀ ਮੌਜੂਦ ਸਨ |