ਕਪੂਰਥਲਾ, 10 ਮਾਰਚ (ਵਿਸ਼ੇਸ਼ ਪ੍ਰਤੀਨਿਧ)-ਪੀ. ਡਬਲਿਊ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਇਕਾਈ ਦੇ ਫ਼ੈਸਲੇ ਅਨੁਸਾਰ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਸੇਖੋਂ ਦੀ ਅਗਵਾਈ 'ਚ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਕਪੂਰਥਲਾ ਦੇ ਦਫ਼ਤਰ ਮੂਹਰੇ ਧਰਨਾ ਦੇ ਕੇ ਰੋਸ ਵਿਖਾਵਾ ਕੀਤਾ | ਧਰਨੇ ਨੂੰ ਸੰਬੋਧਨ ਕਰਦਿਆਂ ਅਮਰੀਕ ਸਿੰਘ ਸੇਖੋਂ ਨੇ ਬੀਤੀ 8 ਮਾਰਚ ਨੂੰ ਪੁਲਿਸ ਵਲੋਂ ਸ਼ਾਂਤਮਈ ਰੋਸ ਮਾਰਚ ਕਰਦੇ ਮੁਲਾਜ਼ਮਾਂ 'ਤੇ ਕੀਤੇ ਗਏ ਲਾਠੀਚਾਰਜ, ਅੱਥਰੂ ਗੈਸ ਦੇ ਗੋਲੇ ਛੱਡਣ ਤੇ ਪਾਣੀ ਦੀਆਂ ਬੁਛਾੜਾਂ ਮਾਰਨ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ | ਉਨ੍ਹਾਂ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਹਰ ਤਰ੍ਹਾਂ ਦੇ ਕੱਚੇ ਕਾਮੇ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਡੀ. ਏ. ਦੀਆਂ ਕਿਸ਼ਤਾਂ ਦੀ ਅਦਾਇਗੀ ਤੇ ਪੇ ਕਮਿਸ਼ਨ ਦਾ ਬਕਾਇਆ ਤੁਰੰਤ ਦਿੱਤਾ ਜਾਵੇ | ਇਸ ਮੌਕੇ ਯੂਨੀਅਨ ਆਗੂ ਅਨਿਲ ਕੁਮਾਰ ਨਾਹਰ, ਤਰਲੋਕ ਸਿੰਘ, ਬਲਵਿੰਦਰ ਸਿੰਘ, ਭੁੱਲਾ ਸਿੰਘ, ਮਹਿੰਦਰ ਸਿੰਘ, ਜਗਤ ਸਿੰਘ, ਸਤਵਿੰਦਰ ਸਿੰਘ, ਪ੍ਰੀਤਮ ਸਿੰਘ, ਸੁੱਖਾ ਸਿੰਘ, ਰਣਜੀਤ ਸਿੰਘ, ਰਜਿੰਦਰ ਕੁਮਾਰ, ਜਗਤਪਾਲ, ਜਗਰੂਪ, ਪ੍ਰੇਮ ਸਿੰਘ ਆਦਿ ਹਾਜ਼ਰ ਸਨ | ਧਰਨੇ ਦੀ ਸਮਾਪਤੀ 'ਤੇ ਯੂਨੀਅਨ ਵਲੋਂ ਦਫ਼ਤਰ ਦੇ ਸੁਪਰਡੈਂਟ ਹਰਜੀਤ ਸਿੰਘ ਨੂੰ ਪੰਜਾਬ ਸਰਕਾਰ ਦੇ ਨਾਂਅ ਇਕ ਮੰਗ-ਪੱਤਰ ਦਿੱਤਾ, ਜਿਸ ਵਿਚ ਮੁਲਾਜ਼ਮਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਉਪਰੋਕਤ ਮੰਗਾਂ ਨੂੰ ਅਮਲੀ ਰੂਪ ਦੇਣ ਦੀ ਮੰਗ ਕੀਤੀ ਗਈ | ਵਰਨਣਯੋਗ ਹੈ ਕਿ ਯੂਨੀਅਨ ਦੀ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਪੀ. ਡਬਲਿਊ. ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਵਲੋਂ ਵਿਭਾਗ ਦੇ ਮੰਡਲ ਦਫ਼ਤਰਾਂ ਮੂਹਰੇ ਨਿਰੰਤਰ ਰੋਸ ਧਰਨੇ ਦਿੱਤੇ ਜਾ ਰਹੇ ਹਨ |