ਸੁਲਤਾਨਪੁਰ ਲੋਧੀ, 10 ਮਾਰਚ (ਨਰੇਸ਼ ਹੈਪੀ)-ਪੰਜਾਬ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਭਾਜਪਾ ਵਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੂਬਾ ਦੌਰੇ ਸਮੇਂ ਮੋਗਾ ਵਿਖੇ ਕੀਤੀ ਜਾ ਰਹੀ ਬਦਲਾਅ ਰੈਲੀ ਦੇ ਲਈ ਪਾਵਨ ਨਗਰੀ ਸੁਲਤਾਨਪੁਰ ਲੋਧੀ 'ਚ ਹਲਕਾ ਰੈਲੀ ਇੰਚਾਰਜ ਸ਼ਾਮ ਸੁੰਦਰ ਅਗਰਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਭਾਜਪਾ ਦੇ ਵਰਕਰਾਂ ਨੂੰ ਲੈ ਕੇ ਜਾਣ ਲਈ ਮੀਟਿੰਗ ਦਾ ਦੌਰ ਲਗਾਤਾਰ ਜਾਰੀ ਹੈ | ਹਲਕਾ ਰੈਲੀ ਇੰਚਾਰਜ ਸ਼ਾਮ ਸੁੰਦਰ ਅਗਰਵਾਲ ਨੇ ਰੈਲੀ ਸੰਬੰਧੀ ਚੱਲ ਰਹੀਆਂ ਤਿਆਰੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਜਪਾ ਦੀ ਰੈਲੀ ਲਈ ਵਰਕਰਾਂ ਚ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵੇਲੇ ਭਾਜਪਾ ਨੂੰ ਸਿਆਸੀ ਬਦਲ ਵਜੋਂ ਦੇਖ ਰਹੇ ਹਨ ਕਿਉਂਕਿ ਕਈ ਸਮੱਸਿਆਵਾਂ ਦਾ ਨਾਲ ਜੂਝ ਰਹੇ ਪੰਜਾਬ ਨੂੰ ਸਿਰਫ਼ ਭਾਜਪਾ ਹੀ ਬਚਾ ਸਕਦੀ ਹੈ | ਭਾਜਪਾ ਆਗੂ ਨੇ ਕਿਹਾ ਕਿ ਰੈਲੀ ਵਿਚ ਹੋਣ ਵਾਲਾ ਵੱਡਾ ਇਕੱਠ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਸਰਕਾਰ ਲਿਆਉਣ ਦਾ ਮੁੱਢ ਬੰਨੇ੍ਹਗੀ | ਇਸ ਮੌਕੇ ਹਲਕਾ ਇੰਚਾਰਜ ਭਾਜਪਾ ਰਕੇਸ਼ ਨੀਟੂ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ ਬਦਲਾਅ ਚਾਹੁੰਦੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਸੂਬਾ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਦਿਨੋ ਦਿਨ ਵੱਧ ਰਹੀਆਂ ਘਟਨਾਵਾਂ ਨੇ ਲੋਕਾਂ ਵਿਚ ਅਸੁਰੱਖਿਆ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਇਸ ਮੌਕੇ ਸ਼ਾਮ ਸੁੰਦਰ ਅਗਰਵਾਲ ਰੈਲੀ ਹਲਕਾ ਇੰਚਾਰਜ, ਰਕੇਸ਼ ਕੁਮਾਰ ਨੀਟੂ ਹਲਕਾ ਇੰਚਾਰਜ, ਮੰਡਲ ਪ੍ਰਧਾਨ ਡਾ. ਰਕੇਸ਼ ਪੁਰੀ, ਮਿੰਟੂ ਜੈਨ, ਅਸ਼ੋਕ ਕਨੌਜੀਆ, ਮੁਕੇਸ਼ ਧੀਰ, ਰਮਨ ਸਲਪੋਨਾ, ਗਿਆਨ ਸਿੰਘ, ਬਾਬਾ ਬਲੋਰੀ, ਪੰਡਿਤ ਲਛਮਣ ਪ੍ਰਸਾਦ ਆਦਿ ਵੀ ਹਾਜ਼ਰ ਸਨ |