ਚੁਗਿੱਟੀ/ਜੰਡੂਸਿੰਘਾ, 10 ਮਾਰਚ (ਨਰਿੰਦਰ ਲਾਗੂ)-ਜਲੰਧਰ ਕੇਂਦਰੀ ਹਲਕੇ ਅਧੀਨ ਆਉਂਦੇ ਖੇਤਰ ਰਾਧੇ ਐਨਕਲੇਵ ਦੇ ਵਸਨੀਕਾਂ ਵਲੋਂ ਉਕਤ ਕਾਲੋਨੀ ਵਿਚ ਇਕ ਜਗ੍ਹਾ ਲਗਾਏ ਗਏ ਟਰਾਂਸਫ਼ਾਰਮਰ ਦੀ ਤੁਰੰਤ ਮੁਰੰਮਤ ਕਰਵਾਉਣ ਦੀ ਮੰਗ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਤੋਂ ਕੀਤੀ ਗਈ ਹੈ | ਰਾਧੇ ਐਨਕਲੇਵ ਵੈੱਲਫੇਅਰ ਸੁਸਾਇਟੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਲੋਨੀ ਵਿਚ ਲੱਗਾ ਹੋਇਆ ਟਰਾਂਸਫ਼ਾਰਮਰ ਆਪਣੀ ਸਮਰੱਥਾ ਤੋਂ ਕਾਫੀ ਘੱਟ ਕੰਮ ਕਰ ਰਿਹਾ ਹੈ, ਜਿਸ ਕਾਰਨ ਇਲਾਕੇ 'ਚ ਬਿਜਲੀ ਸਪਲਾਈ ਘੱਟ ਹੁੰਦੀ ਹੈ | ਇਸ ਤੋਂ ਇਲਾਵਾ ਟਰਾਂਸਫ਼ਾਰਮਰ ਦੇ ਜੋੜਾਂ ਤੋਂ ਹੁੰਦੀ ਸਪਾਰਕਿੰਗ ਕਾਰਨ ਵੀ ਅਕਸਰ ਡਰ ਵਾਲਾ ਮਾਹੌਲ ਬਣਿਆ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਇਸ ਮਸਲੇ ਦੇ ਹੱਲ ਲਈ ਉਨ੍ਹਾਂ ਵਲੋਂ ਬਿਜਲੀ ਮਹਿਕਮੇ ਦੇ ਅਫ਼ਸਰਾਂ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ ਹੈ ਪਰ ਕਿਸੇ ਵਲੋਂ ਵੀ ਗੰਭੀਰਤਾ ਨਹੀਂ ਵਰਤੀ ਗਈ | ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਆਖਿਆ ਕਿ ਆਗਾਮੀ ਦਿਨਾਂ ਵਿਚ ਸ਼ੁਰੂ ਹੋ ਰਹੇ ਗਰਮੀ ਦੇ ਮੌਸਮ ਵਿਚ ਵੀ ਜੇਕਰ ਟਰਾਂਸਫ਼ਾਰਮਰ ਦੀ ਸਮੇਂ ਸਿਰ ਮੁਰੰਮਤ ਨਾ ਕੀਤੀ ਗਈ ਤਾਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਮਸਲੇ ਤੋਂ ਇਲਾਵਾ ਇਸ ਇਲਾਕੇ ਵਿਚ ਕਈ ਘਰਾਂ ਦੇ ਬਿਲਕੁਲ ਨਜ਼ਦੀਕ ਲਟਕਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੇ ਜਗ੍ਹਾ ਬਦਲੀ ਜਾਣੀ ਚਾਹੀਦੀ ਹੈ |