ਕਪੂਰਥਲਾ, 12 ਮਾਰਚ (ਸਡਾਨਾ)-ਬੀਤੀ ਰਾਤ ਸ਼ੇਖੂਪੁਰ ਦੇ ਵਾਰਡ ਨੰਬਰ 34 'ਚ ਕੁੱਝ ਅਣਪਛਾਤੇ ਵਿਅਕਤੀ ਇਕ ਕੋਠੀ ਵਿਚੋਂ ਲਗਪਗ 75 ਲੱਖ ਰੁਪਏ ਦੀ ਕੀਮਤ ਦਾ 45 ਤੋਲੇ ਸੋਨਾ, ਚਾਂਦੀ ਦੇ ਗਹਿਣੇ, ਕਰੀਬ 4 ਲੱਖ ਰੁਪਏ ਦੀ ਨਕਦੀ, ਇਕ ਟੈਬਲੇਟ, ਕੁੱਝ ਵਿਦੇਸ਼ੀ ਕਰੰਸੀ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਰਾਤ ਹੁਸ਼ਿਆਰਪੁਰ 'ਚ ਇਕ ਵਿਆਹ ਸੰਬੰਧੀ ਸਮਾਗਮ ਵਿਚ ਸ਼ਾਮਿਲ ਹੋਣ ਲਈ ਰਾਤ 9 ਵਜੇ ਘਰੋਂ ਗਏ ਸਨ ਤੇ ਜਦੋਂ ਉਹ ਲਗਪਗ ਢਾਈ ਵਜੇ ਦੇ ਕਰੀਬ ਵਾਪਸ ਘਰ ਪਰਤੇ ਤਾਂ ਘਰ ਦੇ ਤਾਲੇ ਟੁੱਟੇ ਹੋਏ ਸਨ ਤੇ ਜਦੋਂ ਅੰਦਰ ਵੜ ਕੇ ਦੇਖਿਆ ਤਾਂ ਅਲਮਾਰੀਆਂ ਦੇ ਲੋਕ ਟੁੱਟੇ ਹੋਣ ਤੋਂ ਬਾਅਦ ਜਦੋਂ ਘਰ 'ਚ ਪਏ ਸੋਨੇ ਤੇ ਹੋਰ ਸਾਮਾਨ ਦੀ ਭਾਲ ਕੀਤੀ ਗਈ ਤਾਂ ਸਭ ਕੁੱਝ ਚੋਰੀ ਹੋ ਚੁੱਕਾ ਸੀ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦਾ ਡੀ. ਵੀ. ਆਰ. ਵੀ ਚੁੱਕ ਕੇ ਆਪਣੇ ਨਾਲ ਲੈ ਗਏ | ਪ੍ਰਭਾਵਿਤ ਪਰਿਵਾਰ ਵਲੋਂ ਇਸ ਸੰਬੰਧੀ ਥਾਣਾ ਸਿਟੀ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਨੇ ਘਰ 'ਚ ਪਹੁੰਚ ਕੇ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ | ਇਸ ਮੌਕੇ ਡਾਗ ਸਕੂਐਡ ਦੀ ਮਦਦ ਵੀ ਲਈ ਗਈ ਤੇ ਘਰ ਨੂੰ ਜਾਂਦੇ ਰਸਤੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਖੰਘਾਲੇ ਗਏ | ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ | ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਦੇ ਇਸ ਗਰੋਹ ਨੂੰ ਤੁਰੰਤ ਕਾਬੂ ਕੀਤਾ ਜਾਵੇ |