ਫਿਲੌਰ, 12 ਮਾਰਚ (ਸਤਿੰਦਰ ਸ਼ਰਮਾ)-ਇਥੇ ਬਸਪਾ ਤੇ ਅਕਾਲੀ ਦਲ ਨੇ ਮਿਲ ਕੇ ਬੀਬੀ ਸੰਦੀਪ ਕੌਰ ਨੂੰ ਬਲਾਕ ਸੰਮਤੀ ਫਿਲੌਰ ਦਾ ਚੇਅਰਪਰਸਨ ਤੇ ਬੀਬੀ ਨਛੱਤਰ ਕੌਰ ਨੂੰ ਵਾਈਸ ਚੇਅਰਪਰਸਨ ਬਣਾਇਆ | ਜ਼ਿਕਰਯੋਗ ਹੈ ਕਿ ਸਥਾਨਕ ਬਲਾਕ ਵਿਕਾਸ ਦਫ਼ਤਰ ਵਿਖੇ ਬਲਾਕ ਸੰਮਤੀ ਫਿਲੌਰ ਦੇ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਕਰਨ ਲਈ ਚੁਣੇ ਗਏ ਬਲਾਕ ਸੰਮਤੀ ਮੈਂਬਰਾਂ ਦੀ ਮੀਟਿੰਗ ਰੱਖੀ ਗਈ ਸੀ | ਮੀਟਿੰਗ 'ਚ ਚੋਣ ਨੂੰ ਲੈ ਕੇ ਬਹੁਤ ਜੱਦੋ ਜਹਿਦ ਹੋਈ, ਅਖ਼ੀਰ ਵਿਚ ਬਸਪਾ ਤੇ ਅਕਾਲੀ ਦਲ ਨੇ ਮਿਲ ਕੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਚੋਣ ਜਿੱਤ ਲਈ | ਚੋਣ ਵਿਚ ਬੀਬੀ ਸੰਦੀਪ ਕੌਰ ਨੂੰ 13 ਵੋਟਾਂ ਪਈਆਂ ਤੇ ਚੋਣ ਜਿੱਤੀ ਅਤੇ ਬੀਬੀ ਨਛੱਤਰ ਕੌਰ ਨੂੰ 12 ਵੋਟਾਂ ਪਈਆਂ ਤੇ ਉਸ ਨੇ ਚੋਣ ਜਿੱਤੀ | ਚੋਣ ਵਿਚ ਬਹੁਜਨ ਸਮਾਜ ਪਾਰਟੀ ਦੇ 9 ਅਤੇ ਅਕਾਲੀ ਦਲ ਦੇ 4 ਬਲਾਕ ਸੰਮਤੀ ਮੈਂਬਰ ਸਨ | ਦੂਜੇ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਸਾਂਝੇ ਤੌਰ 'ਤੇ ਚੋਣ ਲੜੀ ਜਿਸ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ | ਇਸ ਮੌਕੇ ਬਸਪਾ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਇਹ ਜਿੱਤ ਬਸਪਾ ਦੇ ਸਾਰੇ ਵਰਕਰਾਂ ਦੀ ਜਿੱਤ ਹੈ, ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਬਲਾਕ ਸੰਮਤੀ ਦੀਆਂ ਸੀਟਾਂ ਜਤਾਈਆਂ ਸਨ | ਅਮਨ ਸ਼ਾਂਤੀ ਬਣਾਏ ਰੱਖਣ ਲਈ ਪੁਲਿਸ ਵਲੋਂ ਡੀ. ਐਸ. ਪੀ. ਫਿਲੌਰ ਤੇ ਐਸ. ਐਚ. ਓ. ਫਿਲੌਰ ਦੀ ਨਿਗਰਾਨੀ ਹੇਠ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ | ਇਸ ਮੌਕੇ ਹਲਕਾ ਫਿਲੌਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ, ਸ਼ੋ੍ਰਮਣੀ ਅਕਾਲੀ ਦਲ ਹਲਕਾ ਫਿਲੌਰ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ, ਜਥੇਦਾਰ ਹਰਜਿੰਦਰ ਸਿੰਘ ਲੱਲ੍ਹੀਆਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਮਹਾਂ ਸਿੰਘ ਰਸੂਲਪੁਰ, ਬਸਪਾ ਆਗੂ ਲਾਲ ਚੰਦ ਔਜਲਾ, ਤੀਰਥ ਰਾਜਪੁਰਾ, ਸੁਖਵਿੰਦਰ ਬਿੱਟੂ, ਖੁਸ਼ੀ ਰਾਮ, ਸੁਸ਼ੀਲ ਵਿਰਦੀ, ਗਿਆਨ ਚੰਦ, ਅਮਰਜੀਤ ਸਿੰਘ ਕਟਾਣਾ ਤੇ ਹੋਰ ਹਾਜ਼ਰ ਸਨ |