ਨਡਾਲਾ, 2 ਅਪ੍ਰੈਲ (ਰਘਬਿੰਦਰ ਸਿੰਘ)-ਚੜ੍ਹਦੀ ਕਲਾ ਸੇਵਾ ਸੁਸਾਇਟੀ ਨਡਾਲਾ ਵਲੋਂ ਸਮਾਜ ਸੇਵਾ ਦੇ ਤਹਿਤ ਇਕ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਲਗਾਇਆ | ਕੈਂਪ ਦਾ ਉਦਘਾਟਨ ਨਿਸ਼ਾਨ ਸਿੰਘ (ਯੂ. ਐਸ. ਏ.) ਵਲੋਂ ਰਿਬਨ ਕੱਟ ਕੇ ਕੀਤਾ | ਇਸ ਮੌਕੇ ਡਾ. ਸ਼ਕੀਨ ਸਿੰਘ ਦੀ ਡਾਕਟਰੀ ਟੀਮ ਵਲੋਂ ਕੁੱਲ 280 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 47 ਮਰੀਜ਼ਾਂ ਦੇ ਆਪੇ੍ਰਸ਼ਨ ਵੀ ਕੀਤੇ ਗਏ ਤੇ ਮੁਫ਼ਤ ਦਵਾਈਆਂ ਤੇ ਸਲਾਹਾਂ ਵੀ ਦਿੱਤੀਆਂ ਗਈਆਂ | ਸੁਸਾਇਟੀ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਕੈਂਪ ਲਗਾਉਣ ਦਾ ਮਕਸਦ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਆਗਾਮੀ ਸਮੇਂ ਵਿਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰਹਿਣਗੇ | ਇਸ ਮੌਕੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਸੁਸਾਇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ | ਇਸ ਮੌਕੇ ਮੈਨੇਜਰ ਗੁਰਦੁਆਰਾ ਸਾਹਿਬ ਨਡਾਲਾ ਕਮਲਜੀਤ ਸਿੰਘ, ਲਖਬੀਰ ਸਿੰਘ ਸਾਹੀ, ਹਰਭਜਨ ਸਿੰਘ, ਮਨਵਿੰਦਰ ਸਿੰਘ ਬੱਬੂ, ਸੰਦੀਪ ਕੁਮਾਰ, ਬਾਬਾ ਰਣਜੀਤ ਸਿੰਘ ਦਾਊਦਪੁਰੀ, ਕਰਨੈਲ ਸਿੰਘ ਸਾਬਕਾ ਸਰਪੰਚ, ਨਿਸ਼ਾਨ ਸਿੰਘ ਯੂ. ਐਸ. ਏ., ਅਜੀਤ ਕੁਮਾਰ, ਅਜੀਤ ਸਿੰਘ, ਲਾਡੀ, ਰਣਬੀਰ ਸਿੰਘ, ਬੱਬੂ ਭਿੰਡਰ ਤੇ ਹੋਰ ਹਾਜ਼ਰ ਸਨ |