ਕਪੂਰਥਲਾ, 2 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਆਨੰਦ ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਦਾ ਆਈ. ਕੇ. ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਲੋਂ ਐਲਾਨਿਆ ਬੀ. ਬੀ. ਏ. ਸਮੈਸਟਰ ਪਹਿਲੇ, ਤੀਜੇ ਤੇ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਬੀ. ਬੀ. ਏ. ਪਹਿਲੇ ਸਮੈਸਟਰ ਦੀ ਵਿਦਿਆਰਥਣ ਏਕਮਜੋਤ ਸਿੰਘ ਨੇ ਪਹਿਲਾ, ਕਰੀਨਾ ਮਲਕ ਨੇ ਦੂਜਾ ਤੇ ਮੇਹਨਾਜ ਮਲਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਤੀਜੇ ਸਮੈਸਟਰ ਦੀ ਵਿਦਿਆਰਥਣ ਹਰਲੀਨ ਕੌਰ ਪਹਿਲੇ, ਕਿਰਨਦੀਪ ਕੌਰ ਦੂਜੇ ਤੇ ਜਸਲੀਨ ਕੌਰ ਤੀਜੇ ਸਥਾਨ 'ਤੇ ਰਹੀ ਜਦਕਿ ਬੀ. ਬੀ. ਏ. ਪੰਜਵੇਂ ਸਮੈਸਟਰ ਦੀ ਦਿਲਰੂਪ ਕੌਰ ਪਹਿਲੇ ਸਥਾਨ 'ਤੇ ਰਹੀ | ਕਾਲਜ ਦੀ ਚੇਅਰਪਰਸਨ ਵਰਿੰਦਰ ਕੁਮਾਰੀ ਆਨੰਦ, ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਤੇ ਕਾਲਜ ਦੇ ਪਿੰ੍ਰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਬੀ. ਬੀ. ਏ. ਪਹਿਲੇ, ਤੀਜੇ ਤੇ ਪੰਜਵੇਂ ਸਮੈਸਟਰ ਦੇ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਤੇ ਭਵਿੱਖ ਵਿਚ ਉਨ੍ਹਾਂ ਨੂੰ ਹੋਰ ਮਿਹਨਤ ਨਾਲ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਵਿਕਰਮ ਆਨੰਦ ਨੇ ਕਿਹਾ ਕਿ ਕਾਲਜ ਦੇ ਵਿਦਿਆਰਥੀ ਨਾ ਕੇਵਲ ਪੜ੍ਹਾਈ ਸਗੋਂ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਕਾਲਜ ਦੀ ਪ੍ਰਬੰਧਕ ਕਮੇਟੀ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ, ਜਿਸਦੇ ਸਿੱਟੇ ਵਜੋਂ ਵਿਦਿਆਰਥੀ ਪੜ੍ਹਾਈ ਤੇ ਹੋਰ ਖੇਤਰਾਂ 'ਚ ਕਾਲਜ ਦਾ ਨਾਂਅ ਰੌਸ਼ਨ ਕਰ ਰਹੇ ਹਨ |