ਜਲੰਧਰ, 5 ਅਪ੍ਰੈਲ (ਸ਼ਿਵ)-ਸ਼ਹਿਰ ਦੇ ਕਈ ਇਲਾਕਿਆਂ 'ਚ ਅਜੇ ਵੀ ਟੁੱਟੀਆਂ ਸੜਕਾਂ ਹਨ ਪਰ ਸਨਅਤੀ ਖੇਤਰ ਦੀਆਂ ਕਈ ਸੜਕਾਂ ਦੇ ਖ਼ਰਾਬ ਹੋਣ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੰਬਾ ਪਿੰਡ ਚੌਕ ਤੋਂ ਕੋਟਲਾ ਰੋਡ 'ਤੇ ਕਈ ਫ਼ੈਕਟਰੀਆਂ ਹਨ | ਕਾਰੋਬਾਰੀਆਂ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੋਂ ਇਸ ਸੜਕ ਨੂੰ ਨਹੀਂ ਬਣਾਇਆ ਗਿਆ ਹੈ | ਸਨਅਤਕਾਰ ਅਸ਼ਵਨੀ ਸਖੂਜਾ ਤੇ ਰਮਨ ਸਖੂਜਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੰਮ ਲਈ ਕਈ ਬਾਰ ਬਾਹਰੋਂ ਵੀ ਵਪਾਰੀ ਆਉਂਦੇ ਹਨ ਤੇ ਉਨ੍ਹਾਂ ਦੀਆਂ ਗੱਡੀਆਂ ਤੋਂ ਇਲਾਵਾ ਸਾਮਾਨ ਲੈ ਕੇ ਜਾਣ ਤੇ ਲਿਆਉਣ ਵਾਲੀਆਂ ਗੱਡੀਆਂ ਦੇ ਟੁੱਟੀਆਂ ਸੜਕਾਂ ਹੋਣ ਕਰਕੇ ਕਾਫ਼ੀ ਨੁਕਸਾਨ ਹੁੰਦਾ ਹੈ | ਉਨ੍ਹਾਂ ਮੰਗ ਕੀਤੀ ਕਿ ਸਨਅਤੀ ਖੇਤਰ ਵਲੋਂ ਹਰ ਸਾਲ ਕਰੋੜਾਂ ਰੁਪਏ ਦੇ ਟੈਕਸਾਂ ਦੀ ਅਦਾਇਗੀ ਕੀਤੀ ਜਾਂਦੀ ਹੈ ਪਰ ਉਨ੍ਹਾਂ ਨੂੰ ਸਹੂਲਤਾਂ ਵੀ ਦੇਣੀਆਂ ਚਾਹੀਦੀਆਂ ਹਨ | ਇਸ ਰਸਤੇ ਕਈ ਬਾਰ ਹਾਦਸੇ ਹੋ ਚੁੱਕੇ ਹਨ | ਓਧਰ ਕਈ ਲੋਕਾਂ ਦਾ ਕਹਿਣਾ ਸੀ ਕਿ ਆਦਮਪੁਰ ਤੋਂ ਪਾਈਪਾਂ ਰਾਹੀਂ ਪਾਣੀ ਲਿਆ ਕੇ ਸ਼ਹਿਰੀਆਂ ਨੂੰ ਸਪਲਾਈ ਕਰਨ ਵਾਲਾ ਜਿਹੜਾ ਕਰੀਬ 825 ਕਰੋੜ ਦਾ ਸਤਹੀ ਜਲ ਪ੍ਰਾਜੈਕਟ ਹੈ | ਉਸ ਦੇ ਤਹਿਤ ਸ਼ਹਿਰ 'ਚ ਪਾਈਪਾਂ ਪਾਉਣ ਲਈ ਕਈ ਸੜਕਾਂ ਤੋੜੀਆਂ ਜਾਂਦੀਆਂ ਹਨ ਪਰ ਉਨ੍ਹਾਂ ਨੂੰ ਜਲਦੀ ਨਹੀਂ ਬਣਾਇਆ ਜਾਂਦਾ ਹੈ | ਟੁੱਟੀਆਂ ਸੜਕਾਂ ਕਰਕੇ ਲੋਕ ਸਾਲੋ-ਸਾਲ ਪ੍ਰੇਸ਼ਾਨ ਰਹਿੰਦੇ ਹਨ | ਜੀ. ਟੀ. ਬੀ. ਨਗਰ ਤੋਂ ਇਲਾਵਾ ਪਹਿਲਾਂ ਕਪੂਰਥਲਾ ਰੋਡ ਤੇ ਨਕੋਦਰ ਰੋਡ ਦੀਆਂ ਟੁੱਟੀਆਂ ਸੜਕਾਂ ਹੋਣ ਕਰਕੇ ਲੋਕਾਂ ਨੂੰ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸੇ ਤਰ੍ਹਾਂ ਨਾਲ ਹੁਣ ਪਠਾਨਕੋਟ ਚੌਕ ਤੋਂ ਲੈ ਕੇ ਬੇਅੰਤ ਸਿੰਘ ਪਾਰਕ ਦੇ ਅੰਡਰ ਗਰਾਊਾਡ ਵਾਟਰ ਟੈਂਕ ਤੱਕ ਪਾਈਪ ਪਾਉਣ ਦਾ ਕੰਮ ਚੱਲ ਰਿਹਾ ਹੈ | ਇਹ ਪਾਈਪ ਟਰਾਂਸਪੋਰਟ ਨਗਰ ਤੱਕ ਪੈ ਚੁੱਕਾ ਹੈ | ਲੋਕਾਂ ਦਾ ਕਹਿਣਾ ਸੀ ਕਿ ਇਸ ਥਾਂ 'ਤੇ ਪਾਈਪ ਪਾਏ ਨੂੰ ਕਾਫ਼ੀ ਸਮਾਂ ਹੋ ਗਿਆ ਹੈ | ਇਸ ਸੜਕ 'ਤੇ ਕਾਫ਼ੀ ਟ੍ਰੈਫਿਕ ਹੁੰਦਾ ਹੈ ਤੇ ਲੋਕਾਂ ਨੂੰ ਟੁੱਟੀ ਸੜਕ ਹੋਣ ਕਰਕੇ ਕਾਫ਼ੀ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਨੈਸ਼ਨਲ ਹਾਈਵੇ ਅਥਾਰਿਟੀ ਆਫ਼ ਇੰਡੀਆ ਨੂੰ ਇਸ ਖ਼ਰਾਬ ਹੋਈ ਸੜਕ ਦੇ ਹਿੱਸੇ 'ਤੇ ਚਾਹੇ ਅਸਥਾਈ ਤੌਰ 'ਤੇ ਹੀ ਸੜਕ ਬਣਾਉਣੀ ਚਾਹੀਦੀ ਹੈ ਕਿਉਂਕਿ ਟਰਾਂਸਪੋਰਟ ਨਗਰ ਤੋਂ ਆਉਂਦੇ ਲੋਕਾਂ ਨੂੰ ਪਠਾਨਕੋਟ ਚੌਕ ਵੱਲ ਜਾਣਾ ਪੈਂਦਾ ਹੈ ਤਾਂ ਇਸ ਕਰਕੇ ਇਸ ਜਗਾ 'ਤੇ ਟ੍ਰੈਫਿਕ ਕਾਫ਼ੀ ਹੁੰਦਾ ਹੈ |