ਨਡਾਲਾ, 7 ਅਪ੍ਰੈਲ (ਰਘਬਿੰਦਰ ਸਿੰਘ)-ਪਿੰਡ ਬਾਮੂੰਵਾਲ ਵਿਖੇ ਸ਼ਹੀਦ ਜਗਦੇਵ ਸਿੰਘ, ਜਸਬੀਰ ਸਿੰਘ, ਦਲੇਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਬਾਮੂੰਵਾਲ ਵਲੋਂ ਨੌਜਵਾਨਾਂ ਨੇ ਪਹਿਲ ਕਦਮੀ ਕਰਦਿਆਂ ਇਲਾਕੇ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ' ਪਹਿਲਾ ਕਬੱਡੀ ਟੂਰਨਾਮੈਂਟ ਬੜੀ ਹੀ ਧੂਮਧਾਮ ਨਾਲ ਕਰਵਾਇਆ ਗਿਆ | ਇਸ ਟੂਰਨਾਮੈਂਟ ਵਿਚ ਇਲਾਕੇ ਦੀਆਂ ਕਈ ਪ੍ਰਸਿੱਧ ਟੀਮਾਂ ਨੇ ਭਾਗ ਲਿਆ ਤੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ | ਇਸ ਮੌਕੇ ਪੰਜਾਬ ਪਾਵਰ ਲਿਫਟਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਸਪ੍ਰੀਤ ਸਿੰਘ ਗੁਰਾਇਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉਨ੍ਹਾਂ ਖਿਡਾਰੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਹੌਸਲਾ ਅਫਜ਼ਾਈ ਦਿੱਤੀ ਤੇ ਕਿਹਾ ਕਿ ਕਬੱਡੀ ਸਾਡੀ ਰਵਾਇਤੀ ਖੇਡ ਹੈ, ਜਿਸ ਨੂੰ ਨੌਜਵਾਨਾਂ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ, ਜੋ ਕਿ ਕਾਬਿਲ-ਏ-ਤਾਰੀਫ਼ ਹੈ | ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ | ਇਸ ਤੋਂ ਪਹਿਲਾਂ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਅੱਜੂ ਨੇ ਰਿਬਨ ਕੱਟ ਕੇ ਟੂਰਨਾਮੈਂਟ ਦਾ ਸ਼ੁਰੂਆਤ ਕਰਵਾਈ | ਟੂਰਨਾਮੈਂਟ ਦੌਰਾਨ ਜੇਤੂ ਟੀਮਾਂ ਤੇ ਬੈੱਸਟ ਰੇਡਰ, ਜਾਫੀ ਨੂੰ ਨਗਦ ਇਨਾਮਾਂ ਤੇ ਸ਼ਾਨਦਾਰ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ | ਅੰਤ ਵਿਚ ਕਲੱਬ ਦੇ ਪ੍ਰਧਾਨ ਗੁਰਸ਼ਾਨ ਸਿੰਘ ਢਿੱਲੋਂ ਤੇ ਸਮੂਹ ਪ੍ਰਬੰਧਕ ਕਮੇਟੀ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਤੇ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਖੇਡ ਮੇਲੇ ਕਰਵਾਉਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਪ੍ਰਧਾਨ ਗੁਰਸ਼ਾਨ ਸਿੰਘ ਢਿੱਲੋਂ, ਗੁਰਿੰਦਰਜੀਤ ਸਿੰਘ ਢਿੱਲੋਂ, ਪਰਮਜੀਤ ਸਿੰਘ ਢਿੱਲੋਂ, ਜਸਪ੍ਰੀਤ ਸਿੰਘ ਗੁਰਾਇਆ, ਪ੍ਰਧਾਨ ਮੋਹਨ ਸਿੰਘ ਡਾਲਾ, ਬਲਵਿੰਦਰ ਸਿੰਘ ਬਿੱਟੂ ਖੱਖ, ਅਮਰੀਕ ਸਿੰਘ ਬਰਾੜ, ਸਤਨਾਮ ਸਿੰਘ ਬਰਾੜ, ਹਰਭਜਨ ਸਿੰਘ ਗੁਰਾਇਆ, ਰਣਜੀਤ ਸਿੰਘ ਢਿੱਲੋਂ ਇਟਲੀ, ਸੁਖਚੈਨ ਢਿੱਲੋਂ ਆਸਟ੍ਰੇਲੀਆ, ਸਰਨਾਗਤ ਸਿੰਘ ਚੀਮਾ, ਪਲਵਿੰਦਰ ਸਿੰਘ ਢਿੱਲੋਂ, ਦਲਜੀਤ ਸਿੰਘ ਢਿੱਲੋਂ, ਅਕਾਸ਼ ਘੁੰਮਣ, ਨਵਦੀਪ ਯੂ.ਐਸ.ਏ ਤੇ ਹੋਰ ਪਤਵੰਤੇ ਤੇ ਪਿੰਡ ਵਾਸੀ ਹਾਜ਼ਰ ਸਨ |
ਪਿੰਡ ਬਾਮੂੰਵਾਲ ਵਿਚ ਪਹਿਲਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਕਰਵਾਇਆ <br/>
ਅਜੀਤ ਡੈਸਕ
08-04-2026