ਫਗਵਾੜਾ 8 ਅਪੈ੍ਰਲ (ਹਰਜੋਤ ਸਿੰਘ ਚਾਨਾ)-ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ 58% ਮਹਿੰਗਾਈ ਭੱਤਾ (ਡੀ.ਏ.) ਦਾ ਭੁਗਤਾਨ ਕਰਨ ਲਈ ਹਾਈ ਕੋਰਟ ਦੇ ਹੁਕਮ ਦਾ ਸਵਾਗਤ ਕੀਤਾ ਹੈ ਤੇ ਇਸਨੂੰ ਇਨਸਾਫ਼ ਵੱਲ ਇੱਕ ਲੰਮੇ ਸਮੇਂ ਤੋਂ ਬਕਾਇਆ ਕਦਮ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਕਿਸੇ ਤਰ੍ਹਾਂ ਦੀ ਮਿਹਰਬਾਨੀ ਨਹੀਂ, ਸਗੋਂ ਉਨ੍ਹਾਂ ਹਜ਼ਾਰਾਂ ਲੋਕਾਂ ਦੇ ਹੱਕ ਦੀ ਸਹੀ ਮਾਨਤਾ ਹੈ ਜੋ ਕਈ ਸਾਲਾਂ ਤੋਂ ਆਪਣੀ ਬਕਾਇਆ ਰਕਮ ਦੀ ਉਡੀਕ ਕਰ ਰਹੇ ਹਨ | ਇਹ ਹੁਕਮ ਕਾਨੂੰਨ ਦੇ ਰਾਜ 'ਤੇ ਵਿਸ਼ਵਾਸ ਨੂੰ ਮੁੜ ਕਾਇਮ ਕਰਦਾ ਹੈ ਤੇ ਇਹ ਦੁਬਾਰਾ ਸਾਬਤ ਕਰਦਾ ਹੈ ਕਿ ਇਨਸਾਫ਼ ਭਾਵੇਂ ਦੇਰੀ ਨਾਲ ਮਿਲੇ, ਪਰ ਆਿਖ਼ਰਕਾਰ ਮਿਲਣਾ ਜ਼ਰੂਰੀ ਹੈ | ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਕਾਰਵਾਈ ਕਰੇ ਤੇ ਅਦਾਲਤ ਦੇ ਹੁਕਮ ਨੂੰ ਬਿਨਾਂ ਕਿਸੇ ਗੈਰ-ਜ਼ਰੂਰੀ ਕਾਨੂੰਨੀ ਚੁਣੌਤੀ ਤੋਂ ਲਾਗੂ ਕਰੇ |