ਫਗਵਾੜਾ, 8 ਅਪੈ੍ਰਲ (ਹਰਜੋਤ ਸਿੰਘ ਚਾਨਾ)-ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਇੰਚਾਰਜ ਹਰਨੂਰ ਸਿੰਘ (ਹਰਜੀ) ਮਾਨ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਰਕਰਾਂ 'ਚ ਨਵੇਂ ਜੋਸ਼ ਦਾ ਸੰਚਾਰ ਕਰਨ ਲਈ ਸਥਾਨਕ ਅਸ਼ੀਸ਼ ਕੰਟੀਨੈਂਟਲ ਵਿਖੇ ਹਲਕੇ ਦੇ ਸਾਰੇ ਵਰਕਰਾਂ, ਆਗੂਆਂ ਅਤੇ ਕੋਆਰਡੀਨੇਟਰਾਂ ਨਾਲ 'ਸੰਗਠਨ ਮਿਲਣੀ' ਤਹਿਤ ਵਿਸ਼ੇਸ਼ ਮੀਟਿੰਗ ਕੀਤੀ | ਇਸ ਮੌਕੇ ਪਾਰਟੀ ਦੇ ਸਾਰੇ ਹੀ ਵਿੰਗਾਂ ਦੇ ਨੁਮਾਇੰਦੇ, ਬਲਾਕ ਪ੍ਰਧਾਨ, ਕੋਆਰਡੀਨੇਟਰ ਤੇ ਵੱਖ ਵੱਖ ਵਿਭਾਗਾਂ ਦੇ ਇੰਚਾਰਜ ਸ਼ਾਮਿਲ ਹੋਏ | ਇਸ ਮੌਕੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਡਾ. ਚੱਬੇਵਾਲ ਨੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਪਿਛਲੇ ਚਾਰ ਸਾਲ ਦੀਆਂ ਪ੍ਰਾਪਤੀਆਂ ਬਾਰੇ ਜ਼ਿਕਰ ਕੀਤਾ | ਉਨ੍ਹਾਂ ਕਿਹਾ ਕਿ ਪਾਰਟੀ ਦੇ ਸਮੂਹ ਵਰਕਰ ਹੁਣ ਤੋਂ ਹੀ ਅਗਲੀਆਂ ਵਿਧਾਨ ਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰਨ ਤਾਂ ਜੋ ਇਕ ਵਾਰ ਫ਼ਿਰ ਸੂਬੇ 'ਚ ਸ਼ਾਨਦਾਰ ਜਿੱਤ ਹਾਸਲ ਕਰਕੇ ਸਰਕਾਰ ਦਾ ਗਠਨ ਕੀਤਾ ਜਾ ਸਕੇ ਤਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਵਿਕਾਸ ਤੇ ਲੋਕ ਭਲਾਈ ਦੇ ਜੋ ਕੰਮ ਸ਼ੁਰੂ ਕੀਤੇ ਹਨ, ਉਨ੍ਹਾਂ ਨੂੰ ਹੋਰ ਤਨਦੇਹੀ ਦੇ ਨਾਲ ਅੱਗੇ ਵਧਾਇਆ ਜਾ ਸਕੇ | ਹਰਜੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਤੇ ਪੰਜਾਬ ਦੇ ਵਿਕਾਸ ਦੀ ਲਹਿਰ ਨੂੰ ਇਤਿਹਾਸ ਵਿਚ ਹਮੇਸ਼ਾ ਯਾਦ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੇ ਆਪਣੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਯੁੱਧ ਨਸ਼ੇ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ | ਇਸ ਮੌਕੇ ਮੇਅਰ ਰਾਮਪਾਲ ਉੱਪਲ, ਡਿਪਟੀ ਮੇਅਰ ਵਿੱਕੀ ਸੂਦ, ਗੁਰਦੀਪ ਸਿੰਘ ਦੀਪਾ ਸੰਗਠਨ ਮੰਤਰੀ, ਓਮ ਪ੍ਰਕਾਸ਼ ਬਿੱਟੂ ਜ਼ਿਲ੍ਹਾ ਵਾਈਸ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ, ਲਲਿਤ ਸਕਲਣੀ, ਬੌਬੀ ਚਮ ਚੇਅਰਮੈਨ ਵਪਾਰ ਸੈੱਲ, ਸੀਮਾ ਰਾਣਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ, ਰਵਿੰਦਰ ਗੁਪਤਾ ਕੋਆਰਡੀਨੇਟਰ ਲੀਗਲ ਸੈਲ, ਕੁਲਦੀਪ ਕੁਮਾਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਨਰਿੰਦਰ ਸਿੰਘ ਸਰਪੰਚ ਯੂਨੀਅਨ ਪ੍ਰਧਾਨ ਆਦਿ ਸ਼ਾਮਿਲ ਸਨ |