ਕਪੂਰਥਲਾ, 11 ਅਪ੍ਰੈਲ (ਸਤਨਾਮ ਸਿੰਘ)-ਜੀ. ਟੀ. ਰੋਡ 'ਤੇ ਹਮੀਰਾ ਵਿਖੇ ਇਕ ਬੰਦ ਪਈ ਹਵੇਲੀ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਥਾਣਾ ਸੁਭਾਨਪੁਰ ਦੇ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਦੇਰ ਰਾਤ ਸੂਚਨਾ ਮਿਲੀ ਸੀ ਕਿ ਜੀ. ਟੀ. ਰੋਡ 'ਤੇ ਹਮੀਰਾ ਵਿਖੇ ਇਕ ਬੰਦ ਪਈ ਹਵੇਲੀ ਨੇੜੇ ਲਗਪਗ 50 ਸਾਲਾ ਅਣਪਛਾਤੇ ਇਕ ਵਿਅਕਤੀ ਦੀ ਲਾਸ਼ ਪਈ ਹੈ | ਜਿਸ 'ਤੇ ਉਹ ਤੁਰੰਤ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਉਸ ਦੀ ਸ਼ਨਾਖ਼ਤ ਲਈ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਕੋਈ ਸ਼ਨਾਖ਼ਤ ਕਾਰਡ ਬਰਾਮਦ ਨਹੀਂ ਹੋਇਆ ਤੇ ਨੇੜਲੇ ਇਲਾਕੇ 'ਚ ਪੁੱਛਗਿੱਛ ਕਰਨ 'ਤੇ ਵੀ ਉਸ ਦੀ ਸ਼ਨਾਖ਼ਤ ਨਹੀਂ ਹੋ ਸਕੀ | ਜਿਸ ਉਪਰੰਤ ਲਾਸ਼ ਨੂੰ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ 'ਚ 72 ਘੰਟੇ ਵਾਸਤੇ ਸ਼ਨਾਖ਼ਤ ਲਈ ਰਖਵਾ ਦਿੱਤੀ ਗਈ ਹੈ ਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |