ਫਗਵਾੜਾ, 12 ਅਪ੍ਰੈਲ (ਅਸ਼ੋਕ ਵਾਲੀਆ)-ਸ਼ੋ੍ਰਮਣੀ ਅਕਾਲੀ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਨੇ ਚੰਡੀਗੜ੍ਹ ਵਿਖੇ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ | ਇਸ ਮੌਕੇ ਫਗਵਾੜਾ ਦੇ ਪ੍ਰਸਿੱਧ ਕਾਰੋਬਾਰੀ ਤੇ ਸੂਬਾਈ ਅਕਾਲੀ ਆਗੂ ਧਰਮਿੰਦਰ ਟੋਨੀ ਵੀ ਨਾਲ ਸਨ | ਉਨ੍ਹਾਂ ਨੇ ਇਸ ਦੌਰਾਨ ਪਾਰਟੀ ਪ੍ਰਧਾਨ ਨੂੰ ਬੇਮੌਸਮੀ ਬਾਰਿਸ਼ ਤੇ ਗੜੇਮਾਰੀ ਕਾਰਨ ਖੇਤਰ 'ਚ ਕਣਕ ਦੀ ਫ਼ਸਲ ਦੇ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ, ਜਿਸ 'ਤੇ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਪੀੜਤ ਕਿਸਾਨਾਂ ਦੀ ਬਾਂਹ ਫੜਨ ਤੇ ਕਣਕ ਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਕਿਹਾ | ਇਸ ਮੌਕੇ ਰਜਿੰਦਰ ਸਿੰਘ ਚੰਦੀ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਦੱਸਿਆ ਫਗਵਾੜੇ ਹਲਕੇ ਵਿਚ ਸ਼ੋ੍ਰਮਣੀ ਅਕਾਲੀ ਦਲ ਦਾ ਆਧਾਰ ਮਜ਼ਬੂਤ ਹੋਇਆ ਹੈ | ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾ 'ਚ 'ਆਪ' ਸਰਕਾਰ ਦੇ ਧੱਕੇ ਦੇ ਬਾਵਜੂਦ ਅਕਾਲੀ ਦਲ ਨੇ ਵਧੀਆਂ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ | ਚੰਦੀ ਨੇ ਉਨ੍ਹਾਂ ਨੂੰ ਦੱਸਿਆ ਕਿ ਪੁਰਾਣੇ ਅਕਾਲੀ ਆਗੂ ਹੁਣ ਫਿਰ ਚਟਾਨ ਵਾਂਗ ਨਾਲ ਖੜ੍ਹ ਗਏ ਹਨ | ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿੱਤਾ ਹੈ ਹਲਕੇ ਦੇ ਅਕਾਲੀ ਆਗੂ ਤੇ ਵਰਕਰ ਪਾਰਟੀ ਦੇ ਨਾਲ ਮਜ਼ਬੂਤੀ ਨਾਲ ਖੜੇ੍ਹ ਰਹਿਣਗੇ ਤੇ ਆਉਂਦੀਆਂ ਵਿਧਾਨ ਸਭਾ ਚੋਣਾ 'ਚ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਈ ਜਾਵੇਗੀ | ਚੰਦੀ ਨੇ ਇਹ ਦੀ ਦੱਸਿਆ ਕਿ ਹਲਕੇ ਦੇ ਵਰਕਰਾਂ ਤੇ ਆਗੂਆਂ ਨੇ ਹੜ੍ਹ ਦੌਰਾਨ ਪੀੜਤਾਂ ਦੀ ਡਟ ਕੇ ਮਦਦ ਕੀਤੀ ਤੇ ਹਰ ਸਹੂਲਤ ਪ੍ਰਦਾਨ ਕਰਵਾਈ |