ਸੁਲਤਾਨਪੁਰ ਲੋਧੀ, 12 ਅਪ੍ਰੈਲ (ਨਰੇਸ਼ ਹੈਪੀ)-ਨੰਬਰਦਾਰ ਯੂਨੀਅਨ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਸਾਹਿਬ ਸਿੰਘ ਭੁੱਲਰ ਨੇ ਇਕ ਬਿਆਨ ਰਾਹੀਂ ਸਰਕਾਰ ਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਕਿ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦੇ ਹੋਏ ਸੁਲਤਾਨਪੁਰ ਲੋਧੀ ਵਿਚ ਹੋਰ ਕਾਨੂੰਗੋਆਂ ਦੀ ਨਿਯੁਕਤ ਕਰੇ | ਉਨ੍ਹਾਂ ਕਿਹਾ ਕਿ ਤਹਿਸੀਲ ਦਫ਼ਤਰ ਸੁਲਤਾਨਪੁਰ ਲੋਧੀ 'ਚ ਕਾਨੂੰਗੋਆਂ ਦੀ ਵੱਡੀ ਘਾਟ ਕਾਰਨ ਇਲਾਕਾ ਨਿਵਾਸੀਆਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਰੀਬ 225 ਪਿੰਡਾ ਵਿਚ ਸਿਰਫ਼ ਇਕੋ ਹੀ ਕਾਨੂੰਗੋ ਹੈ | ਉਨ੍ਹਾਂ ਕਿਹਾ ਕਿ ਉਸੇ ਕਾਨੂੰਗੋ ਦੇ ਕੋਲ ਹੀ ਸੁਲਤਾਨਪੁਰ ਲੋਧੀ ਦੇ ਨਾਲ-ਨਾਲ ਤਲਵੰਡੀ ਚੌਧਰੀਆਂ ਸਬ ਤਹਿਸੀਲ ਦਾ ਵੀ ਵਾਧੂ ਚਾਰਜ ਹੈ ਤੇ ਇਕ ਕਰਮਚਾਰੀ ਤੇ ਇਨ੍ਹਾਂ ਬੋਝ ਹੋਣ ਕਾਰਨ ਲੋਕਾਂ ਦੇ ਸੈਂਕੜੇ ਕੰਮ ਲੰਬੇ ਸਮੇਂ ਤੋਂ ਅਧੂਰੇ ਪਏ ਹਨ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ ਸੂਬੇ ਵਿਚ ਵਧੀਆ ਪ੍ਰਸ਼ਾਸਨ ਦੇਣ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ | ਉਨ੍ਹਾਂ ਇਹ ਵੀ ਕਿਹਾ ਕਿ ਮੁੱਖ ਮੰਤਰੀ ਵਲੋਂ ਕੀਤੀਆਂ ਜਾ ਰਹੀਆਂ ਭਰਤੀਆਂ ਦੇ ਦਾਅਵੇ ਜ਼ਮੀਨੀ ਸੱਚਾਈ ਤੋਂ ਕੋਹਾਂ ਦੂਰ ਹਨ ਜਦਕਿ ਹਰੇਕ ਸਰਕਾਰੀ ਦਫ਼ਤਰ ਮੁਲਾਜ਼ਮਾਂ ਦੀ ਕਮੀ ਨਾਲ ਜੂਝ ਰਿਹਾ ਹੈ | ਉਨ੍ਹਾਂ ਸਰਕਾਰ ਪਾਸੋਂ ਇਹ ਵੀ ਮੰਗ ਕੀਤੀ ਕਿ ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਵੱਲ ਵੀ ਧਿਆਨ ਦੇਵੇ | ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਜਲਦੀ ਮੁਲਾਜ਼ਮਾਂ ਦੀ ਘਾਟ ਪੂਰੀ ਨਾ ਕੀਤੀ ਗਈ ਤੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਯੂਨੀਅਨ ਵਲੋਂ ਤਿੱਖਾ ਸੰਘਰਸ਼ ਛੇੜਿਆ ਜਾਵੇਗਾ |