ਫਗਵਾੜਾ, 12 ਅਪ੍ਰੈਲ (ਅਸ਼ੋਕ ਕੁਮਾਰ ਵਾਲੀਆ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਵਪਾਰਕ ਤੇ ਉਦਯੋਗ ਵਿੰਗ ਦੇ ਪ੍ਰਧਾਨ ਐਨ. ਕੇ. ਸ਼ਰਮਾ ਖ਼ਜ਼ਾਨਚੀ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦੇ ਹਲਕਾ ਫਗਵਾੜਾ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਕੋਰ ਕਮੇਟੀ ਮੈਂਬਰ ਪੰਜਾਬ (ਉਦਯੋਗ ਤੇ ਵਪਾਰ ਵਿੰਗ) ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਉਦਯੋਗ ਤੇ ਵਪਾਰ ਵਿੰਗ ਦਾ ਵਿਸਥਾਰ ਕਰਦੇ ਹੋਏ ਫਗਵਾੜਾ ਤੋਂ ਪਾਰਟੀ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਲਵਲੀ ਵਾਲੀਆਂ ਨੂੰ ਉਦਯੋਗ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਤੇ ਸੁਖਬੀਰ ਸਿੰਘ ਕਿੰਨੜਾ ਨੂੰ ਵਪਾਰ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ | ਇਸ ਮੌਕੇ ਹਲਕਾ ਇੰਚਾਰਜ ਫਗਵਾੜਾ ਰਣਜੀਤ ਸਿੰਘ ਖੁਰਾਣਾ ਨੇ ਇਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕਰਦੇ ਹੋਏ ਭਰੋਸਾ ਜਤਾਇਆ ਕਿ ਉਕਤ ਦੋਵੇਂ ਸੀਨੀਅਰ ਤੇ ਸੂਝਵਾਨ ਆਗੂਆਂ ਦੇ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਉਦਯੋਗ ਤੇ ਵਪਾਰ ਵਿੰਗ ਨੂੰ ਹੋਰ ਮਜ਼ਬੂਤੀ ਮਿਲੇਗੀ | ਖੁਰਾਣਾ ਨੇ ਕਿਹਾ ਕਿ ਪੰਜਾਬ ਦਾ ਉਦਯੋਗ ਅਤੇ ਵਪਾਰ ਇਸ ਸਮੇਂ ਬਹੁਤ ਮਾੜੇ ਦੌਰ ਤੋਂ ਗੁਜਰ ਰਿਹਾ ਹੈ, ਕਿਉਂਕਿ ਸਮੇਂ ਦੀ ਸਰਕਾਰ ਨੇ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਮੰਨੇ ਜਾਂਦੇ ਉਦਯੋਗਾਂ ਨੂੰ ਅੱਖੋਂ-ਪਰੋਖੇ ਕੀਤਾ | ਜਿਸ ਦੇ ਨਾਲ ਉਦਯੋਗਪਤੀ ਤੇ ਵਪਾਰੀ ਬਹੁਤ ਹੀ ਪ੍ਰੇਸ਼ਾਨ ਹਨ | ਇਸ ਮੌਕੇ ਨਵ-ਨਿਯੁਕਤ ਪ੍ਰਧਾਨਾਂ ਨੇ ਪਾਰਟੀ ਹਾਈਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਪਾਰਟੀ ਨੇ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਉਹ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ |