ਫੱਤੂਢੀਂਗਾ, 12 ਅਪ੍ਰੈਲ (ਬਲਜੀਤ ਸਿੰਘ)-ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਸੰਬੰਧੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਡਾਇਰੈਕਟਰ ਖੇਤੀਬਾੜੀ ਵਿਭਾਗ ਡਾਕਟਰ ਗੁਰਜੀਤ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਆਤਮਾ ਸਕੀਮ ਤਹਿਤ ਦਾਣਾ ਮੰਡੀ ਫੱਤੂਢੀਂਗਾ ਵਿਖੇ ਜ਼ਿਲ੍ਹਾ ਪੱਧਰੀ ਸਿਖਲਾਈ ਕੈਂਪ ਲਗਾਇਆ, ਜਿਸ ਦਾ ਉਦਘਾਟਨ ਸੰਯੁਕਤ ਡਾਇਰੈਕਟਰ (ਇਨਪੁਟਸ) ਡਾਕਟਰ ਗੁਰਨਾਮ ਸਿੰਘ ਨੇ ਕੀਤਾ | ਜਿਸ ਦੀ ਪ੍ਰਧਾਨਗੀ ਵਧੀਕ ਕਮਿਸ਼ਨਰ ਵਰਿੰਦਰ ਪਾਲ ਸਿੰਘ ਬਾਜਵਾ ਵਲੋਂ ਕੀਤੀ ਗਈ, ਜਦਕਿ ਮੁੱਖ ਮਹਿਮਾਨ ਦੇ ਤੌਰ 'ਤੇ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਸ਼ਾਮਿਲ ਹੋਏ | ਇਸ ਮੌਕੇ ਸ. ਚੀਮਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ | ਡਾ. ਗੁਰਨਾਮ ਸਿੰਘ ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਤੇ ਪਾਣੀ ਦੀ ਬੱਚਤ ਤੇ ਜ਼ੋਰ ਦਿੱਤਾ ਅਤੇ ਝੋਨੇ ਹੇਠ ਰਕਬਾ ਘਟਾ ਕੇ ਬਦਲਵੀਆਂ ਫ਼ਸਲਾਂ ਬੀਜਣ ਲਈ ਕਿਹਾ | ਮੁੱਖ ਖੇਤੀਬਾੜੀ ਅਫ਼ਸਰ ਡਾਕਟਰ ਬਲਕਾਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ 67 ਫੀਸਦੀ ਅੱਗ ਲਗਾਉਣ ਦੀ ਕਮੀ ਦਰਜਾ ਕੀਤੀ ਗਈ ਹੈ, ਜਿਸ ਨਾਲ ਵਾਤਾਵਰਨ ਨੂੰ ਬਚਾਇਆ ਜਾ ਸਕਿਆ ਹੈ | ਇਸ ਮੌਕੇ ਜ਼ਿਲ੍ਹਾ ਸਿਖਲਾਈ ਅਫ਼ਸਰ ਡਾਕਟਰ ਗੁਰਮੀਤ ਸਿੰਘ ਰਿਆੜ ਨੇ ਮਿੱਟੀ ਦੀ ਸਿਹਤ ਸੁਧਾਰਨ ਲਈ ਕਿਸਾਨਾਂ ਨੂੰ ਹਰੀ ਖਾਦ ਰੂੜੀ ਦੀ ਵਰਤੋਂ ਤੇ ਕਣਕ ਦੇ ਨਾੜ ਨੂੰ ਅੱਗ ਨਾਲ ਲਗਾਉਣ ਦੀ ਅਪੀਲ ਕੀਤੀ | ਡਾਇਰੈਕਟਰ ਦਲਜੀਤ ਸਿੰਘ ਗਿੱਲ ਨੇ ਬਾਗਬਾਨੀ ਵਿਭਾਗ ਦੀਆਂ ਸਬਸਿਡੀ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ | ਇਸ ਮੌਕੇ ਕੇ. ਵੀ. ਕੇ. ਦੇ ਡਾ. ਮਨਦੀਪ ਸਿੰਘ ਕਾਹਲੋਂ ਨੇ ਕਿਸਾਨਾਂ ਨੂੰ ਦੱਸਿਆ ਕਿ ਉਨ੍ਹਾਂ ਕੋਲ 132 ਪੀ. ਆਰ. ਤੇ 133 ਪੀ. ਆਰ. ਝੋਨੇ ਦੀਆਂ ਸੁਧਰੀਆਂ ਹੋਈਆਂ ਕਿਸਮਾਂ ਉਪਲਬਧ ਹਨ ਜੋ ਕਿ ਕਿਸਾਨ ਲੈ ਸਕਦੇ ਹਨ | ਡਾ. ਸੁਮਨ ਜੋਲੀ ਨੇ ਕੀੜੇ ਮਕੌੜਿਆਂ ਦੀ ਰੋਕਥਾਮ ਤੇ ਡਾ. ਬਿੰਦੂ ਮਰਵਾਹਾ ਨੇ ਖੇਤੀ ਮਸ਼ੀਨਰੀ ਦੀ ਸਾਂਭ ਸੰਭਾਲ ਬਾਰੇ ਅਹਿਮ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ | ਇਸ ਦੌਰਾਨ ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਤੇ ਵੱਖ-ਵੱਖ ਕੰਪਨੀਆਂ ਵਲੋਂ ਆਪਣੇ ਸਟਾਲ ਲਗਾਏ ਗਏ | ਸਟੇਜ ਸੈਕਟਰੀ ਦੀ ਭੂਮਿਕਾ ਖੇਤੀਬਾੜੀ ਅਫ਼ਸਰ ਨਡਾਲਾ ਡਾ. ਸਤਨਾਮ ਸਿੰਘ ਨੇ ਨਿਭਾਈ | ਇਸ ਮੌਕੇ ਜਸਰਮਨਦੀਪ ਸਿੰਘ ਸੀਨੀਅਰ ਸਹਾਇਕ, ਖੇਤੀਬਾੜੀ ਅਫ਼ਸਰ ਡਾ. ਗੁਰਵਿੰਦਰ ਸਿੰਘ, ਵਿਸ਼ਾਲ ਕੌਸ਼ਲ, ਪਰਮਜੀਤ ਸਿੰਘ, ਈ. ਡੀ. ਓ. ਡਾ. ਜਸਪਾਲ ਸਿੰਘ ਧੰਜੂ, ਗੁਰਜੋਤ ਸਿੰਘ, ਮਨਅਰਸ਼ਰੂਪ ਕੌਰ ਤੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਇਸ ਕੈਂਪ 'ਚ ਸ਼ਾਮਿਲ ਹੋ ਕੇ ਜਾਣਕਾਰੀ ਹਾਸਿਲ ਕੀਤੀ |