ਕਪੂਰਥਲਾ, 15 ਅਪ੍ਰੈਲ (ਅਮਰਜੀਤ ਕੋਮਲ)-ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਆੜ੍ਹਤੀ ਐਸੋਸੀਏਸ਼ਨ ਕਪੂਰਥਲਾ ਦੀ ਇਕ ਮੀਟਿੰਗ ਸਥਾਨਕ ਦਾਣਾ ਮੰਡੀ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸ਼ਰਮਾ ਦੀ ਅਗਵਾਈ ਵਿਚ ਹੋਈ | ਜਿਸ ਵਿਚ 'ਆਪ' ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਐਸੋਸੀਏਸ਼ਨ ਦੇ ਪ੍ਰੈੱਸ ਸਕੱਤਰ ਓਮਕਾਰ ਕਾਲੀਆ ਨੇ ਦੱਸਿਆ ਕਿ ਮੀਟਿੰਗ ਵਿਚ ਆੜ੍ਹਤੀਆਂ, ਮਜ਼ਦੂਰਾਂ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਮੰਗਾਂ ਤੋਂ ਇਲਾਵਾ ਕਣਕ ਦੀ ਖ਼ਰੀਦ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਸ਼ਰਮਾ ਨੇ ਕਿਹਾ ਕਿ ਮੁੱਖ ਦਾਣਾ ਮੰਡੀ ਤੇ ਐਡੀਸ਼ਨਲ ਯਾਰਡ ਵਿਚ ਚੋਰੀ ਦੀਆਂ ਘਟਨਾਵਾਂ ਕਾਰਨ ਆੜ੍ਹਤੀ ਪ੍ਰੇਸ਼ਾਨ ਹਨ, ਇਸ ਲਈ ਮੰਡੀ ਵਿਚ ਚੋਰੀ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਸਖ਼ਤ ਕਦਮ ਚੁੱਕਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਬੀਤੇ ਦਿਨ ਵੀ ਮੁੱਖ ਦਾਣਾ ਮੰਡੀ ਤੇ ਐਡੀਸ਼ਨਲ ਯਾਰਡ ਵਿਚੋਂ ਅਣਪਛਾਤੇ ਵਿਅਕਤੀ ਕਣਕ ਦੇ ਕੱਟੇ ਚੋਰੀ ਕਰਕੇ ਲੈ ਗਏ | ਸੁਰਿੰਦਰ ਸ਼ਰਮਾ ਨੇ ਦੱਸਿਆ ਕਿ ਹਰ ਝੋਨੇ ਤੇ ਕਣਕ ਦੇ ਸੀਜ਼ਨ ਦੌਰਾਨ ਚੋਰੀ ਦੀਆਂ ਘਟਨਾਵਾਂ ਵਾਪਰਦੀਆਂ ਹਨ, ਇਹ ਮਾਮਲਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣ ਦੇ ਬਾਵਜੂਦ ਵੀ ਇਸ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ ਜਿਸਦਾ ਆੜ੍ਹਤੀਆਂ ਤੇ ਕਿਸਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਚੋਰੀ ਦੀਆਂ ਘਟਨਾਵਾਂ ਰੋਕਣ ਲਈ ਰਾਤ ਸਮੇਂ ਪੁਲਿਸ ਦੀ ਗਸ਼ਤ ਵਧਾਈ ਜਾਵੇ | ਉਨ੍ਹਾਂ ਮੰਡੀ ਵਿਚ ਮਜ਼ਦੂਰਾਂ ਦੀ ਘਾਟ ਦਾ ਮਾਮਲਾ ਵੀ ਹਲਕਾ ਇੰਚਾਰਜ ਦੇ ਧਿਆਨ ਵਿਚ ਲਿਆਂਦਾ | ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਆੜ੍ਹਤੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ | ਮੀਟਿੰਗ ਵਿਚ ਰਣਜੀਤ ਸਿੰਘ, ਪਵਨ ਕੌੜਾ, ਤਿਲਕਰਾਜ ਅਗਰਵਾਲ, ਵਿੱਕੀ ਬਹਿਲ, ਬਲਰਾਮ ਕਾਲੀਆ, ਪ੍ਰੇਮ ਕਾਲੀਆ, ਸੰਜੂ ਗੁਪਤਾ, ਸੁਰਿੰਦਰ ਸਿੰਘ, ਰਮੇਸ਼ ਕੁਮਾਰ, ਰਾਮੇਸ਼ਵਰ ਸੂਦ, ਸੁਰਿੰਦਰ ਖੁਰਾਨਾ, ਅਜੈ ਗੁਪਤਾ, ਲੇਬਰ ਯੂਨੀਅਨ ਦੇ ਪ੍ਰਧਾਨ ਸਤਪਾਲ ਆਨੰਦ, ਮੁਨੀਮ ਯੂਨੀਅਨ ਦੇ ਪ੍ਰਧਾਨ ਅਵਿਨਾਸ਼ ਸ਼ਰਮਾ, ਆਸ਼ੂ ਗੁਪਤਾ, ਨਰੇਸ਼ ਗੁਪਤਾ, ਸੁਦੇਸ਼ ਸ਼ਰਮਾ, ਗੁਰਮੀਤ ਸਿੰਘ, ਵਿਜੇ ਗੁਪਤਾ, ਵਿਜੇ ਸ਼ਰਮਾ, ਸ਼ਿਵ ਸ਼ਰਮਾ, ਮੋਹਿਤ ਸ਼ਰਮਾ, ਜਸਵਿੰਦਰ ਸਿੰਘ, ਹਰੀਸ਼ ਵਧਵਾ ਆਦਿ ਹਾਜ਼ਰ ਸਨ |