ਫਗਵਾੜਾ, 15 ਅਪੈ੍ਰਲ (ਹਰਜੋਤ ਸਿੰਘ ਚਾਨਾ)-ਮਾਂ ਅੰਬੇ ਗਰਲਜ਼ ਸੀਨੀਅਰ ਸਕੈਂਡਰੀ ਸਕੂਲ ਭਾਣੋਕੀ ਫਗਵਾੜਾ ਦਾ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ 2026 'ਚ ਅੱਠਵੀਂ ਜਮਾਤ ਦੀ ਲਈ ਗਈ ਸਾਲਾਨਾ ਪ੍ਰੀਖਿਆ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ | ਸਕੂਲ ਪਿ੍ੰਸੀਪਲ ਕੁਲਵਿੰਦਰ ਕੌਰ ਪਰਮਾਰ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਬਿਮਨਪ੍ਰੀਤ ਕੌਰ ਨੇ (96.66 ਪ੍ਰਤੀਸ਼ਤ) ਅੰਕ ਹਾਸਲ ਕਰਕੇ ਸਕੂਲ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਜਦਕਿ ਹਰਸ਼ਿਤਾ ਕੌਰ ਨੇ 96.16 ਪ੍ਰਤੀਸ਼ਤ ਅੰਕਾਂ ਦੇ ਨਾਲ ਦੂਸਰਾ ਅਤੇ ਯੂਵਰੀਨ ਕੌਰ ਨੇ 93.66 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ | ਉਨ੍ਹਾਂ ਦੱਸਿਆ ਕਿ ਸਕੂਲ ਦੀਆਂ ਕੁੱਲ 33 ਵਿਦਿਆਰਥਣਾਂ 'ਚੋਂ 14 ਵਿਦਿਆਰਥਣਾਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ | ਇਸੇ ਤਰ੍ਹਾਂ 14 ਵਿਦਿਆਰਥਣਾਂ ਨੇ 80 ਪ੍ਰਤੀਸ਼ਤ ਤੋਂ ਵੱਧ ਅਤੇ 5 ਵਿਦਿਆਰਥਣਾਂ ਨੇ 75 ਪ੍ਰਤੀਸ਼ਤ ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ | ਸਕੂਲ ਦੇ ਪੈਟਰਨ ਸ਼੍ਰੀ ਕੇ.ਕੇ. ਸਰਦਾਨਾ, ਸਕੱਤਰ ਅਵਤਾਰ ਸਿੰਘ ਅਤੇ ਪਿ੍ੰਸੀਪਲ ਕੁਲਵਿੰਦਰ ਕੌਰ ਨੇ ਵਿਦਿਆਰਥਣਾਂ ਅਤੇ ਸਕੂਲ ਸਟਾਫ਼ ਨੂੰ ਵਧਾਈਆਂ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ ਤੇ ਹੋਰ ਵੀ ਤਨਦੇਹੀ ਦੇ ਨਾਲ ਮਿਹਨਤ ਕਰਨ ਲਈ ਪ੍ਰੇਰਿਆ | ਉਨ੍ਹਾਂ ਸਕੂਲ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਲਈ ਸਕੂਲ ਦਾ ਮਿਹਨਤੀ ਸਟਾਫ਼ ਵਧਾਈ ਦਾ ਪਾਤਰ ਹੈ | ਸਰਦਾਨਾ ਨੇ ਦੱਸਿਆ ਕਿ ਇਸ ਵਿੱਦਿਅਕ ਅਦਾਰੇ ਦਾ ਮੁੱਖ ਮਕਸਦ ਬੇਟੀਆਂ ਨੂੰ ਪੜ੍ਹਾਈ ਦੇ ਨਾਲ ਚੰਗੇ ਸੰਸਕਾਰ ਦੇ ਕੇ ਉੱਚ ਸਿੱਖਿਆ ਹਾਸਲ ਕਰਨ ਲਈ ਪ੍ਰੇਰਿਤ ਕਰਨਾ ਹੈ |