ਕਪੂਰਥਲਾ, 17 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਸਿਹਤ ਵਿਭਾਗ 'ਚ ਕੰਮ ਕਰਦੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਵਲੋਂ ਮਾਰਚ ਮਹੀਨੇ ਦੀ ਤਨਖ਼ਾਹ ਅਜੇ ਤੱਕ ਨਾ ਮਿਲਣ ਦੇ ਰੋਸ ਵਜੋਂ ਅੱਜ ਕਲਮ ਛੋੜ ਹੜਤਾਲ ਕੀਤੀ ਗਈ | ਯੂਨੀਅਨ ਦੇ ਪੰਜਾਬ ਦੇ ਜਨਰਲ ਸਕੱਤਰ ਰਾਮ ਸਿੰਘ ਨੇ ਦੱਸਿਆ ਕਿ ਇੱਕ ਤਾਂ ਪਹਿਲਾਂ ਹੀ ਯੂਨੀਅਨ ਦੇ ਕਰਮਚਾਰੀ ਨਿਗੂਣੀਆਂ ਤਨਖ਼ਾਹਾਂ 'ਤੇ ਕੰਮ ਕਰਦੇ ਹਨ, ਦੂਸਰਾ ਤਨਖ਼ਾਹਾਂ ਵਿਚ ਬੇਲੋੜੀ ਦੇਰੀ ਉਨਾਂ ਦੀਆਂ ਮੁਸ਼ਕਿਲਾਂ ਵਿਚ ਹੋਰ ਵਾਧਾ ਕਰ ਰਹੀ ਹੈ | ਯੂਨੀਅਨ ਵਲੋਂ ਇਕ ਮੰਗ ਪੱਤਰ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਨੂੰ ਵੀ ਦਿੱਤਾ ਗਿਆ | ਯੂਨੀਅਨ ਆਗੂਆਂ ਨੇ ਮੰਗ ਕੀਤੀ ਹੈ ਕਿ ਮਾਰਚ ਮਹੀਨੇ ਦੀ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ | ਤਨਖ਼ਾਹਾਂ ਵਿਚ ਹਰ ਮਹੀਨੇ ਹੁੰਦੀ ਬੇਲੋੜੀ ਦੇਰੀ ਨੂੰ ਦੂਰ ਕਰਕੇ ਹਰ ਮਹੀਨੇ ਦੀ 2 ਤਾਰੀਖ਼ ਤੱਕ ਬਜਟ ਜ਼ਿਲਿਆਂ ਨੂੰ ਦਿੱਤਾ ਜਾਵੇ ਤਾਂ ਜੋ 5 ਤਾਰੀਖ਼ ਤੱਕ ਮੁਲਾਜ਼ਮਾਂ ਨੂੰ ਤਨਖ਼ਾਹ ਮਿਲ ਸਕੇ | ਉਨ੍ਹਾਂ ਮੰਗ ਕੀਤੀ ਕਿ ਬਰਾਬਰ ਕੰਮ ਬਰਾਬਰ ਤਨਖ਼ਾਹ ਦੇ ਕਾਨੂੰਨ ਨੂੰ ਲਾਗੂ ਕੀਤਾ ਜਾਵੇ | ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਵਿਨੈ ਮਲਣ, ਸੰਤੋਸ਼, ਪਿ੍ਅੰਕਾ, ਪੰਕਜ ਵਾਲੀਆ, ਅਵਤਾਰ ਸਿੰਘ ਗਿੱਲ, ਕਮਲਜੀਤ ਸਿੰਘ, ਗੁਰਵਿੰਦਰ ਤੇ ਹੋਰ ਹਾਜ਼ਰ ਸਨ |