05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਬਿਜਲੀ ਸਪਲਾਈ ਨਾ ਆਉਣ ਕਾਰਨ ਮੱਕੀ, ਖ਼ਰਬੂਜ਼ਾ ਤੇ ਹਦਵਾਣਾ ਉਤਪਾਦਕ ਕਿਸਾਨ ਡਾਹਢੇ ਪ੍ਰੇਸ਼ਾਨ <br/>

Ad Position 21
No active advertisement
ਅਜੀਤ ਡੈਸਕ 16-04-2026
ਡਡਵਿੰਡੀ, 15 ਅਪ੍ਰੈਲ, (ਦਿਲਬਾਗ ਸਿੰਘ ਝੰਡ)-ਸਬਜ਼ੀਆਂ ਵਾਲੇ ਫੀਡਰਾਂ 'ਤੇ ਬਿਜਲੀ ਸਪਲਾਈ ਨਾ ਆਉਣ ਕਾਰਨ ਸਬਜ਼ੀਆਂ ਅਤੇ ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਡਾਹਢੇ ਪ੍ਰੇਸ਼ਾਨ ਹਨ | ਬਿਜਲੀ ਸਪਲਾਈ ਚਾਰ ਘੰਟੇ ਤੋਂ ਵੀ ਘੱਟ ਆਉਣ ਕਾਰਨ ਇਲਾਕੇ ਭਰ ਵਿਚ ਬੀਜੀ ਹੋਈ ਮੱਕੀ, ਖ਼ਰਬੂਜ਼ਾ ਹਦਵਾਣਾ, ਮਿਰਚਾਂ ਅਤੇ ਹੋਰ ਸਬਜ਼ੀਆਂ ਦੀ ਫ਼ਸਲ ਦੀ ਸਿੰਚਾਈ ਕਰਨ ਲਈ ਕਿਸਾਨਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਇਲਾਕੇ ਦੇ ਪਿੰਡਾਂ ਵਿਚ ਆਲੂ ਦੀ ਫ਼ਸਲ ਤੋਂ ਬਾਅਦ ਖ਼ਰਬੂਜ਼ਾ, ਹਦਵਾਣਾ, ਮਿਰਚਾਂ ਤੇ ਮੱਕੀ ਦੀ ਫ਼ਸਲ ਦੀ ਵੱਡੀ ਪੱਧਰ 'ਤੇ ਕਾਸ਼ਤ ਕੀਤੀ ਜਾਂਦੀ ਹੈ, ਜਦਕਿ ਇਸ ਇਲਾਕੇ ਵਿਚ ਕਣਕ ਦੀ ਫ਼ਸਲ ਦੀ ਨਾ ਮਾਤਰ ਹੀ ਕਾਸ਼ਤ ਹੁੰਦੀ ਹੈ ਤੇ ਮੱਕੀ ਤੇ ਹੋਰ ਕੱਦੂ ਜਾਤੀ ਦੀਆਂ ਫ਼ਸਲਾਂ ਨੂੰ ਇਸ ਗਰਮੀ ਦੇ ਮੌਸਮ ਵਿਚ ਸਿੰਚਾਈ ਕਰਨ ਲਈ ਪਾਣੀ ਦੀ ਸਖ਼ਤ ਲੋੜ ਹੁੰਦੀ ਹੈ | ਇਸ ਲੋੜ ਨੂੰ ਪੂਰਾ ਕਰਨ ਲਈ ਮੋਟਰਾਂ ਉੱਪਰ ਬਿਜਲੀ ਦੀ ਸਪਲਾਈ ਨਿਰਵਿਘਨ ਲਾਜ਼ਮੀ ਹੁੰਦੀ ਹੈ ਪਰ ਬਿਜਲੀ ਦੀ ਨਾ ਮਾਤਰ ਸਪਲਾਈ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਬਾਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਮਨਿਆਲਾ ਦੇ ਕਿਸਾਨ ਸਰਪੰਚ ਹਰਜਿੰਦਰ ਸਿੰਘ, ਲਖਵਿੰਦਰ ਸਿੰਘ, ਸੁਖਮਨਪ੍ਰੀਤ ਸਿੰਘ, ਜਸਵਿੰਦਰ ਸਿੰਘ, ਤੀਰਥ ਸਿੰਘ, ਬਖ਼ਸ਼ੀਸ਼ ਸਿੰਘ, ਹਰਜਿੰਦਰ ਸਿੰਘ, ਅੰਮਿ੍ਤਪਾਲ ਸਿੰਘ, ਰਾਮ ਸਿੰਘ ਅਤੇ ਮਨਜੀਤ ਸਿੰਘ ਨੇ ਦੱਸਿਆ ਕਿ 220 ਕੇ ਵੀ ਸਬ ਸਟੇਸ਼ਨ ਝੱਲ ਲੇਈ ਵਾਲਾ, ਸਬ ਸਟੇਸ਼ਨ ਤਲਵੰਡੀ ਮਾਧੋ ਅਤੇ 66 ਕੇ ਵੀ ਸਬ ਸਟੇਸ਼ਨ ਲੋਹੀਆਂ ਖ਼ਾਸ (ਫੱਤੂਵਾਲ) ਤੋਂ ਚੱਲਦੇ ਸਾਰੇ ਫੀਡਰਾਂ 'ਤੇ ਬਿਜਲੀ ਸਪਲਾਈ ਦਾ ਬਹੁਤ ਮੰਦਾ ਹਾਲ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮਸਾਂ ਦੋ ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ ਜਿਸ ਨਾਲ ਫ਼ਸਲਾਂ ਦੀ ਸਿੰਚਾਈ ਕਰਨੀ ਬਹੁਤ ਮੁਸ਼ਕਿਲ ਹੈ | ਇਸੇ ਤਰ੍ਹਾਂ ਹੀ ਪਿੰਡ ਡਡਵਿੰਡੀ, ਨਸੀਰੇਵਾਲ, ਤਾਸ਼ਪੁਰ, ਡੱਲਾ, ਚੱਕ ਕੋਟਲਾ, ਝੱਲ ਲੇਈ ਵਾਲਾ, ਜੈਨਪੁਰ ਆਦਿ ਪਿੰਡਾਂ ਵਿਚ ਬਿਜਲੀ ਸਪਲਾਈ ਪੂਰੀ ਨਾ ਮਿਲਣ ਕਾਰਨ ਕਿਸਾਨਾਂ ਵਿਚ ਬੇਚੈਨੀ ਬਣੀ ਹੋਈ ਹੈ | ਉਨ੍ਹਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਤੋਂ ਇਲਾਕੇ ਭਰ ਵਿਚ ਸਬਜ਼ੀ ਵਾਲੇ ਫੀਡਰਾਂ ਦੇ ਨਿਰੰਤਰ 8 ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਤਾਂ ਜੋ ਮੱਕੀ, ਖ਼ਰਬੂਜ਼ਾ ਅਤੇ ਹਦਵਾਣੇ ਦੀ ਫ਼ਸਲ ਦੀ ਸਿੰਚਾਈ ਠੀਕ ਤਰੀਕੇ ਨਾਲ ਕੀਤੀ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਐਸ.ਡੀ.ਐਮ. ਵਲੋਂ ਦਾਣਾ ਮੰਡੀ ਦਾ ਦੌਰਾ <br/> ਅਗਲੀ ਖ਼ਬਰ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਐਨ.ਐਚ. ਐਮ. ਕਾਮਿਆਂ ਵਲੋਂ ਕਲਮ ਛੋੜ ਹੜਤਾਲ <br/>
Ad Position 24