ਪੈਨਸ਼ਨ ਐਸੋਸੀਏਸ਼ਨ ਵਲੋਂ ਬਜ਼ੁਰਗ ਪੈਨਸ਼ਨਰਾਂ ਨੂੰ ਖੱਜਲ ਖੁਆਰ ਕਰਨ ਦੇ ਵਿਰੋਧ 'ਚ ਸਰਕਲ ਦਫ਼ਤਰ ਮੂਹਰੇ ਧਰਨਾ
ਅਜੀਤ ਡੈਸਕ
17-04-2026
ਕਪੂਰਥਲਾ, 16 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਪੈਨਸ਼ਨ ਐਸੋਸੀਏਸ਼ਨ ਪਾਵਰਕਾਮ ਟਰਾਂਸਕੋ ਸਬ ਅਰਬਨ ਸਬ ਡਵੀਜ਼ਨ ਤੇ ਸ਼ਹਿਰੀ ਸਬ ਡਵੀਜ਼ਨ ਕਪੂਰਥਲਾ ਨੇ ਪੰਜਾਬ ਸਰਕਾਰ 'ਤੇ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਬਜ਼ੁਰਗ ਪੈਨਸ਼ਨਰਾਂ ਨੂੰ ਖੱਜਲ ਖੁਆਰ ਕਰਨ ਲਈ ਜੀਵਿਤ ਪ੍ਰਮਾਣ ਪੱਤਰ ਡਿਜੀਟਲ ਭਰਨ ਸੰਬੰਧੀ ਜਾਰੀ ਕੀਤੇ ਹੁਕਮਾਂ ਦੇ ਵਿਰੋਧ ਵਿਚ ਪਾਵਰਕਾਮ ਦੇ ਸਰਕਲ ਦਫ਼ਤਰ ਮੂਹਰੇ ਸਾਂਝੇ ਤੌਰ 'ਤੇ ਧਰਨਾ ਦਿੱਤਾ | ਰੋਹ 'ਚ ਆਏ ਪੈਨਸ਼ਨਰਾਂ ਨੇ ਪਾਵਰਕਾਮ ਦੇ ਉੱਚ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸਰਕਲ ਪ੍ਰਧਾਨ ਮੁਹੰਮਦ ਯੂਨਸ ਅਨਸਾਰੀ, ਇੰਜ. ਪ੍ਰਤਾਪ ਸਿੰਘ ਮੋਮੀ, ਸ਼ਵਿੰਦਰ ਸਿੰਘ ਬੁਟਾਰੀ, ਰੇਸ਼ਮ ਲਾਲ ਮਾਨ ਤੇ ਬਲਦੇਵ ਰਾਜ ਨੇ ਕਿਹਾ ਕਿ ਜ਼ਿਆਦਾ ਉਮਰ ਦੇ ਬਜ਼ੁਰਗ ਪੈਨਸ਼ਨਰਾਂ ਦੀਆਂ ਅੱਖਾਂ ਤੇ ਚਿਹਰਾ ਆਨਲਾਈਨ ਨਾ ਹੋਣ ਕਾਰਨ ਕੈਫਿਆਂ ਵਾਲੇ ਉਨ੍ਹਾਂ ਤੋਂ ਮਨਮਾਨੇ ਢੰਗ ਨਾਲ ਪੈਸੇ ਵਸੂਲ ਰਹੇ ਹਨ | ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੈਨਸ਼ਨਰਾਂ ਦਾ 16 ਫੀਸਦੀ ਡੀ. ਏ. ਦਾ ਬਕਾਇਆ ਤੇ ਪੇ ਕਮਿਸ਼ਨ ਦੀ ਰਿਪੋਰਟ ਅਨੁਸਾਰ 2.59 ਸਕੇਲ ਦੇਣ ਤੋਂ ਇਨਕਾਰੀ ਦੇਣ ਦੇ ਰੋਸ ਵਜੋਂ ਐਸੋਸੀਏਸ਼ਨ ਵਲੋਂ 18 ਅਪ੍ਰੈਲ ਨੂੰ ਪੰਜਾਬ ਦੇ ਬਿਜਲੀ ਮੰਤਰੀ ਦੀ ਕੋਠੀ ਮੂਹਰੇ ਰੋਸ ਵਿਖਾਵਾ ਕੀਤਾ ਜਾਵੇਗਾ | ਧਰਨੇ ਮੌਕੇ ਐਸੋਸੀਏਸ਼ਨ ਦੇ ਆਗੂ ਅਲੈਗਜੈਂਡਰ ਵਿਲੀਅਮ, ਗੁਰਬਚਨ ਚੰਦ, ਸ਼ਿਵ ਦਰਸ਼ਨ ਕਪੂਰ, ਅਮਰਜੀਤ ਸਿੰਘ ਥਿੰਦ, ਚਰਨਜੀਤ ਸ਼ਰਮਾ, ਗੱਜਣ ਸਿੰਘ, ਪ੍ਰਤਾਪ ਸਿੰਘ ਮੋਮੀ, ਜਸਵੰਤ ਸਿੰਘ ਨੱਡਾ, ਹਿੰਦ ਭੂਸਨ, ਨਿਰਮਲ ਰਾਏ, ਬਲਵੰਤ ਸਿੰਘ, ਜੈਲ ਸਿੰਘ, ਆਤਮਾ ਸਿੰਘ, ਮੁਖ਼ਤਿਆਰ ਸਿੰਘ ਖਿੰਡਾ, ਨਰਾਇਣ ਪ੍ਰਸਾਦ ਟਿੰਕੂ ਆਦਿ ਹਾਜ਼ਰ ਸਨ |