ਸੁਲਤਾਨਪੁਰ ਲੋਧੀ, 16 ਅਪ੍ਰੈਲ (ਪ. ਪ.)-ਸੁਪਰੀਮ ਕੋਰਟ ਵਲੋਂ ਦਿੱਤੇ ਫ਼ੈਸਲੇ ਤੋਂ ਬਾਅਦ ਸਰਕਾਰੀ ਸੇਵਾ 'ਚ ਕੰਮ ਕਰ ਰਹੇ ਅਧਿਆਪਕਾਂ ਲਈ ਲਾਜ਼ਮੀ ਕੀਤੇ ਗਏ ਟੈੱਟ ਦੇ ਪੇਪਰ ਲਈ ਪ੍ਰੀਖਿਆ ਕੇਂਦਰ ਚੰਡੀਗੜ੍ਹ ਦੇ ਵੱਖ-ਵੱਖ ਸਕੂਲਾਂ 'ਚ ਬਣਾਏ ਜਾਣ 'ਤੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਨੇ ਤਿੱਖਾ ਰੋਸ ਪ੍ਰਗਟ ਕੀਤਾ ਹੈ | ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਅਧਿਆਪਕ ਆਗੂਆਂ ਧਰਮਿੰਦਰ ਸਿੰਘ, ਨਿਰਮਲ ਸਿੰਘ ਨੇ ਕਿਹਾ ਕਿ ਟੈੱਟ ਦਾ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਲਿਆ ਜਾਣਾ ਚਾਹੀਦਾ ਸੀ | ਵਿਭਾਗ ਵਲੋਂ 300-300 ਕਿੱਲੋਮੀਟਰ ਦੂਰ ਪ੍ਰੀਖਿਆ ਕੇਂਦਰ ਬਣਾ ਕੇ ਅਧਿਆਪਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਇਹ ਪੇਪਰ ਬਿਲਕੁਲ ਬੇਲੋੜਾ ਹੈ ਤੇ ਪਿਛਲੇ 25-30 ਸਾਲਾਂ ਤੋਂ ਵਿਭਾਗ ਵਿਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਤੇ ਟੈੱਟ ਦੀ ਸ਼ਰਤ ਲਾਉਣਾ ਫ਼ਜ਼ੂਲ ਹੈ | ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਨੂੰ ਚੰਡੀਗੜ੍ਹ ਪਹੁੰਚਣਾ ਹੀ ਵੱਡੀ ਮੁਸ਼ਕਿਲ ਹੈ ਤੇ ਕੇਂਦਰ ਵੱਖ-ਵੱਖ ਸਕੂਲਾਂ 'ਚ ਬਣਾਏ ਜਾਣ ਤੇ ਉਨ੍ਹਾਂ ਨੂੰ ਲੱਭਣ ਵਿਚ ਵੀ ਮੁਸ਼ਕਿਲ ਆਵੇਗੀ | ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਬਲਜੀਤ ਸਿੰਘ ਟਿੱਬਾ, ਜੁਗਿੰਦਰ ਸਿੰਘ ਅਮਾਨੀਪੁਰ, ਬਲਬੀਰ ਸਿੰਘ ਕਾਲਰੂ ਨੇ ਕਿਹਾ ਕਿ ਸਰਕਾਰ ਵਲੋਂ ਅਧਿਆਪਕਾਂ ਉੱਪਰ ਬੇਲੋੜੀ ਸ਼ਰਤ ਲਾ ਕੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਅਧਿਆਪਕਾਂ ਅਤੇ ਪੈਨਸ਼ਨਰਾਂ ਦੀ ਮੰਗਾਂ ਨੂੰ ਅਣਗੌਲਿਆ ਕਰ ਲਈ ਸਰਕਾਰ ਵਲੋਂ ਅਜਿਹੇ ਹੱਥਕੰਡੇ ਵਰਤੇ ਜਾ ਰਹੇ ਹਨ |