ਕਪੂਰਥਲਾ, 19 ਅਪ੍ਰੈਲ (ਅਮਰਜੀਤ ਕੋਮਲ)-ਆਗਾਮੀ ਨਗਰ ਨਿਗਮ ਚੋਣਾਂ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਵਲੋਂ ਸੋਧੀ ਗਈ ਵੋਟਰ ਸੂਚੀ ਦੀ ਤਿਆਰੀ, ਵਾਰਡ ਦੀ ਰਿਜ਼ਰਵੇਸ਼ਨ ਤੇ ਮੌਜੂਦਾ ਵਾਰਡ ਦੀ ਸਥਿਤੀ 'ਚ ਤਬਦੀਲੀਆਂ ਕੀਤੇ ਜਾਣ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਦਾ ਪ੍ਰਭਾਵ ਅਰਬਨ ਅਸਟੇਟ ਦੇ ਅਸਲੀ ਵਾਸੀਆਂ ਦੀ ਉਚਿਤ ਪ੍ਰਤੀਨਿਧਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ | ਇਸ ਸੰਬੰਧੀ ਐਡਵੋਕੇਟ ਅਨੁਜ ਆਨੰਦ ਪ੍ਰਧਾਨ ਅਰਬਨ ਅਸਟੇਟ ਵੈੱਲਫੇਅਰ ਸੁਸਾਇਟੀ ਨੇ ਦੱਸਿਆ ਕਿ ਵੱਡੀ ਗਿਣਤੀ 'ਚ ਕਈ ਅਜਿਹੇ ਵੋਟਰ ਹਨ, ਜੋ ਅਰਬਨ ਅਸਟੇਟ ਦੇ ਵਾਸੀ ਨਹੀਂ | ਉਨ੍ਹਾਂ ਨੂੰ ਵਾਰਡ ਨੰਬਰ 13, 16 ਤੇ 17 ਦੀ ਚੋਣ ਸੂਚੀਆਂ 'ਚ ਗਲਤ ਤਰੀਕੇ ਨਾਲ ਸ਼ਾਮਿਲ ਕੀਤਾ ਗਿਆ ਹੈ, ਜਿਸ ਨੇ ਵੋਟਰ ਸੂਚੀਆਂ ਦੀ ਸੁਧਾਈ ਸੰਬੰਧੀ ਪ੍ਰਕਿਰਿਆ ਦੀ ਪਾਰਦਰਸ਼ਤਾ 'ਤੇ ਸਵਾਲ ਖੜ੍ਹੇ ਕੀਤੇ ਹਨ | ਉਨ੍ਹਾਂ ਕਿਹਾ ਕਿ ਵਾਰਡ ਦੀ ਰਿਜ਼ਰਵੇਸ਼ਨ ਜਦੋਂ ਵਰਤਮਾਨ ਵੋਟਰ ਸੂਚੀਆਂ ਦੇ ਨਾਲ ਦੇਖੀ ਜਾਂਦੀ ਹੈ ਤਾਂ ਅਜਿਹੀ ਸਥਿਤੀ ਬਣਦੀ ਹੈ, ਜੋ ਕੁੱਝ ਵਿਸ਼ੇਸ਼ ਹਿਤਾਂ ਨੂੰ ਲਾਭ ਪਹੁੰਚਾ ਰਹੀ ਹੈ | ਉਨ੍ਹਾਂ ਅਰਬਨ ਅਸਟੇਟ ਨੂੰ ਪ੍ਰਭਾਵਿਤ ਕਰਨ ਵਾਲੀ ਇਸ ਵੋਟਰ ਸੂਚੀ ਦੀ ਤਿਆਰੀ ਤੇ ਵਾਰਡ ਦੇ ਰਿਜ਼ਰਵੇਸ਼ਨ ਦੀ ਪ੍ਰਕਿਰਿਆ 'ਤੇ ਵੀ ਇਤਰਾਜ਼ ਜਤਾਇਆ | ਸੁਸਾਇਟੀ ਦੇ ਪ੍ਰਧਾਨ ਨੇ ਕਿਹਾ ਕਿ ਉਹ ਪਹਿਲਾਂ ਵੀ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਆਵਾਜ਼ ਉਠਾ ਚੁੱਕੇ ਹਨ, ਪਰ ਪ੍ਰਸ਼ਾਸਨ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਕਾਰਨ ਹੁਣ ਅਰਬਨ ਅਸਟੇਟ ਦੇ ਵਾਸੀਆਂ ਵਲੋਂ ਇਹ ਮੁੱਦਾ ਮੁੜ ਉਠਾਇਆ ਜਾ ਰਿਹਾ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਅਰਬਨ ਅਸਟੇਟ ਦੇ ਵਾਸੀ ਸੰਬੰਧਿਤ ਅਧਿਕਾਰੀਆਂ ਦੇ ਸਾਹਮਣੇ ਵਿਸਥਾਰਤ ਰੂਪ ਵਿਚ ਇਤਰਾਜ਼ ਦਾਖਲ ਕਰਵਾਉਣਗੇ ਤੇ ਇਹ ਸੁਨਿਸ਼ਚਿਤ ਕਰਨ ਦੀ ਮੰਗ ਕਰਨਗੇ ਕਿ ਕੇਵਲ ਅਰਬਨ ਅਸਟੇਟ ਦੇ ਅਸਲੀ ਵਾਸੀਆਂ ਦੇ ਨਾਂਅ ਹੀ ਵੋਟਰ ਸੂਚੀਆਂ ਵਿਚ ਸ਼ਾਮਿਲ ਕੀਤੇ ਜਾਣ | ਉਨ੍ਹਾਂ ਮੰਗ ਕੀਤੀ ਕਿ ਅਰਬਨ ਅਸਟੇਟ ਨੂੰ ਨਗਰ ਨਿਗਮ ਦਾ ਇਕ ਵੱਖਰਾ ਵਾਰਡ ਬਣਾਇਆ ਜਾਵੇ |