ਭੁਲੱਥ, 21 ਅਪ੍ਰੈਲ (ਮੇਹਰ ਚੰਦ ਸਿੱਧੂ)-ਸੂਬਾ ਪੰਜਾਬ ਨਸ਼ਾ ਮੁਕਤ ਹੋਣ ਦੀ ਬਜਾਏ ਨਸ਼ਾ ਗ੍ਰਸਤ ਹੁੰਦਾ ਨਜ਼ਰ ਆ ਰਿਹਾ, ਤੇ ਮੌਜੂਦਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਫੇਲ ਸਾਬਿਤ ਹੁੰਦੀ ਨਜ਼ਰ ਆ ਰਹੀ ਹੈ, ਜਲਦ ਨਸ਼ਿਆਂ ਖ਼ਿਲਾਫ਼ ਤੇ ਨਸ਼ਿਆਂ ਦੇ ਵਿਕਰੇਤਾਵਾਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਇਲਾਕੇ ਅੰਦਰ ਲੋਕਾਂ ਨੂੰ ਲਾਮਬੰਦ ਕਰਨ ਲਈ ਮੁਹਿੰਮ ਵਿੱਢੀ ਜਾਵੇਗੀ | ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਤੇ ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਬੋਪਾਰਾਏ ਨੇ ਪਿੰਡ ਰਾਏਪੁਰ ਅਰਾਈਆਂ ਵਿਖੇ ਨਸ਼ਿਆਂ ਕਰਕੇ ਨਸ਼ਿਆਂ ਦੀ ਭੇਟ ਚੜ੍ਹੇ ਤਿੰਨ ਨੌਜਵਾਨਾਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਨਸ਼ਿਆਂ ਨਾਲ ਮਰ ਰਹੀ ਪੰਜਾਬ ਦੀ ਜਵਾਨੀ ਚਿੰਤਾ ਦਾ ਵੱਡਾ ਵਿਸ਼ਾ ਬਣ ਚੁੱਕਿਆ ਹੈ, ਜਿਸ ਕਰਕੇ ਅਵਾਮ ਨੂੰ ਇਸ ਪਾਸੇ ਰਾਜਨੀਤੀ ਤੋਂ ਉੱਪਰ ਉੱਠ ਕੇ ਜਾਗਰੂਕ ਹੋਣ ਦੀ ਵਧੇਰੇ ਲੋੜ ਹੈ ਤਾਂ ਕਿ ਪੰਜਾਬ ਅੰਦਰੋਂ ਨਸ਼ਾ ਤੇ ਨਸ਼ਿਆਂ ਦੇ ਵਿਕਰੇਤਾਵਾਂ ਦਾ ਸਫ਼ਾਇਆ ਕਰ ਸਕੀਏ | ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚੀਮਾ, ਬਲਬੀਰ ਸਿੰਘ ਕੈਸ਼ੀਅਰ ਜ਼ਿਲ੍ਹਾ ਕਪੂਰਥਲਾ, ਬਲਜੀਤ ਸਿੰਘ ਤੱਖਰ ਇਕਾਈ ਪ੍ਰਧਾਨ ਰਾਜਪੁਰ ਤੇ ਹੋਰ ਹਾਜ਼ਰ ਸਨ |