ਸੁਭਾਨਪੁਰ, 21 ਅਪ੍ਰੈਲ (ਸਤਨਾਮ ਸਿੰਘ)-ਥਾਣਾ ਸੁਭਾਨਪੁਰ ਦੀ ਪੁਲਿਸ ਵਲੋਂ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰਨ ਦੀ ਖ਼ਬਰ ਹੈ | ਐਸ. ਐਚ. ਓ. ਹਰਜਿੰਦਰ ਸਿੰਘ ਨੇ ਦੱਸਿਆ ਕੇ ਏ. ਐਸ. ਆਈ. ਪਰਮਜੀਤ ਕੁਮਾਰ ਸਾਥੀ ਕਰਮਚਾਰੀਆਂ ਦੇ ਨਾਲ ਭੇੜੇ ਪੁਰਸ਼ਾਂ ਤੇ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਸੁਭਾਨਪੁਰ ਤੋਂ ਡੋਗਰਾਂਵਾਲ, ਹਮੀਰਾ-ਦਿਆਲਪੁਰ ਆਦਿ ਪਿੰਡਾ ਨੂੰ ਜਾ ਰਹੇ ਸੀ ਤਾਂ ਜੱਦ ਪੁਲਿਸ ਪਾਰਟੀ ਪੁਲ ਹਮੀਰਾ ਪਾਸ ਪੁੱਜੀ ਤਾਂ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਕਿ ਗੁਰਪ੍ਰੀਤ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਸੇਂਚਾ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਜੋ ਨਸ਼ਾ ਕਰਨ ਦਾ ਆਦੀ ਹੈ ਤੇ ਤੁਰ ਫਿਰ ਕੇ ਨਸ਼ਾ ਵੇਚਦਾ ਹੈ | ਅੱਜ ਵੀ ਉਹ ਪੀਰਾਂ ਦੀ ਜਗ੍ਹਾ ਨਜ਼ਦੀਕ ਪਿੰਡ ਹਮੀਰਾ ਵਿਖੇ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ | ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਨਸ਼ੇ ਸਮੇਤ ਕਾਬੂ ਆ ਸਕਦਾ ਹੈ | ਜਿਸ 'ਤੇ ਏ. ਐਸ. ਆਈ. ਵਲੋਂ ਸਾਥੀ ਕਰਮਚਾਰੀਆਂ ਨੂੰ ਮੁਖ਼ਬਰ ਖ਼ਾਸ ਵਲੋਂ ਦੱਸੀ ਜਗ੍ਹਾ ਤੋਂ ਇਤਲਾਹ ਤੋਂ ਜਾਣੂ ਕਰਵਾ ਕੇ ਕੁੱਝ ਸਮੇਂ ਵਿਚ ਹੀ ਸਲਿੱਪ ਰੋਡ ਹਾਈਵੇ ਹਮੀਰਾ ਤੋਂ ਸੁਭਾਨਪੁਰ ਰੋਡ ਤੋਂ ਹਮੀਰਾ ਨੂੰ ਜਾ ਰਹੇ ਸੀ ਕਿ ਇਕ ਮੋਨਾ ਨੌਜਵਾਨ ਪਿੰਡ ਹਮੀਰਾ ਵਲੋਂ ਪੈਦਲ ਤੁਰਦਾ ਆ ਰਿਹਾ ਸੀ | ਜੋ ਪੁਲਿਸ ਦੀਆ ਗੱਡੀ ਦੇਖ ਕੇ ਘਬਰਾ ਗਿਆ ਤੇ ਪਹਿਣੀ ਹੋਈ ਪੈਂਟ ਦੀ ਖੱਬੀ ਜੇਬ 'ਚੋਂ ਇਕ ਪਾਰਦਰਸ਼ੀ ਲਿਫ਼ਾਫ਼ਾ ਵਜ਼ਨਦਾਰ ਸੜਕ ਦੇ ਕਿਨਾਰੇ ਕੱਚੀ ਜਗ੍ਹਾ 'ਤੇ ਸੁੱਟ ਕੇ ਕਾਹਲੀ-ਕਾਹਲੀ ਖਾਲੀ ਪਲਾਟ 'ਚ ਹੋ ਤੁਰਿਆ | ਜਿਸ ਨੂੰ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਂਅ ਪਤਾ ਪੁੱਛਿਆ | ਜਿਸ ਨੇ ਆਪਣਾ ਨਾਂਅ ਗੁਰਪ੍ਰੀਤ ਸਿੰਘ ਉਰਫ਼ ਗੋਪੀ ਉਰਫ਼ ਸ਼ਕੀਨ ਪੁੱਤਰ ਬੱਗਾ ਸਿੰਘ ਵਾਸੀ ਸੇਂਚਾ ਥਾਣਾ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦੱਸਿਆ | ਜਿਸ ਵਲੋਂ ਸੁੱਟੇ ਲਿਫ਼ਾਫ਼ੇ ਵਿਚੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ | ਜਿਸ 'ਤੇ ਥਾਣਾ ਸੁਭਾਨਪੁਰ ਵਿਖੇ ਮੁਕੱਦਮਾ ਦਰਜ ਕੀਤਾ |