ਲੁਧਿਆਣਾ, 21 ਅਪ੍ਰੈਲ (ਜਤਿੰਦਰ ਭੰਬੀ)-ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਮਾਨ ਸਰਕਾਰ ਦੀ ਅਗਵਾਈ ਵਾਲੀ 'ਆਪ' ਸਰਕਾਰ ਨੂੰ ਘੇਰਦਿਆਂ ਕਿਹਾ ਕਿ ਬਹੁਤ ਹੀ Tਸ਼ਰਮਨਾਕU ਗੱਲ ਹੈ ਕਿ ਗਰਮੀ ਦੀ ਸ਼ੁਰੂਆਤ ਹੁੰਦਿਆਂ ਹੀ ਸਰਕਾਰ ਵਲੋਂ 'ਪਾਵਰ ਸਰਪਲੱਸ' ਸੂਬਾ ਦੱਸਣ ਦੇ ਦਾਅਵੇ ਬੇਨਕਾਬ ਹੋਣੇ ਸ਼ੁਰੂ ਹੋ ਚੁੱਕੇ ਹਨ | ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਲੰਬੇ-ਲੰਬੇ ਬਿਜਲੀ ਕੱਟ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਜਦਕਿ ਹਾਲੇ ਝੋਨੇ ਦੀ ਫ਼ਸਲ ਦਾ ਸੀਜ਼ਨ ਸ਼ੁਰੂ ਵੀ ਨਹੀਂ ਹੋਇਆ | ਪੀ.ਐਸ.ਪੀ.ਸੀ.ਐਲ. ਵਲੋਂ 21 ਅਪ੍ਰੈਲ ਤੋਂ 28 ਅਪ੍ਰੈਲ ਤੱਕ ਲੁਧਿਆਣਾ, ਜਲੰਧਰ, ਅੰਮਿ੍ਤਸਰ, ਬਠਿੰਡਾ ਅਤੇ ਪਟਿਆਲਾ ਵਿਚ ਸ਼ਡਿਊਲ ਬਿਜਲੀ ਕੱਟਾਂ ਦਾ ਐਲਾਨ ਕੀਤਾ ਗਿਆ ਹੈ | ਦੀਵਾਨ ਨੇ ਚਿੰਤਾ ਜਤਾਈ ਕਿ ਇਸ ਨੋਟਿਸ ਅਨੁਸਾਰ ਲੋਕਾਂ ਨੂੰ ਹਰ ਰੋਜ਼ 8 ਤੋਂ 10 ਘੰਟੇ ਬਿਜਲੀ ਬੰਦ ਰਹਿਣ ਦਾ ਸਾਹਮਣਾ ਕਰਨਾ ਪਵੇਗਾ, ਜਿਸ ਨਾਲ ਘਰੇਲੂ ਜੀਵਨ 'ਤੇ ਰੋਜ਼ਾਨਾ ਦੇ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਣਗੇ | ਉਨ੍ਹਾਂ ਸਰਕਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਕੋਲ ਵੱਖ-ਵੱਖ ਸਰੋਤਾਂ ਤੋਂ 14,500 ਮੈਗਾਵਾਟ ਬਿਜਲੀ ਉਪਲਬਧ ਹੈ, ਤਾਂ ਬਿਜਲੀ ਕੱਟ ਕਿਉਂ ਲਗਾਏ ਜਾ ਰਹੇ ਹਨ? ਉਨ੍ਹਾਂ ਕਿਹਾ ਕਿ ਇਸ ਹਫ਼ਤੇ ਪੀਕ ਲੋਡ 9,478 ਮੈਗਾਵਾਟ ਤੱਕ ਗਿਆ ਸੀ, ਜਦਕਿ ਮੰਗ ਮੰਗਲਵਾਰ ਦੁਪਹਿਰ ਨੂੰ 6,000 ਤੋਂ 6,500 ਮੈਗਾਵਾਟ ਦੇ ਵਿਚਕਾਰ ਸੀ, ਜੋ ਕਿ ਦੱਸੀ ਗਈ ਸਮਰੱਥਾ ਤੋਂ ਕਾਫ਼ੀ ਘੱਟ ਹੈ | ਫਿਰ ਕੱਟ ਕਿਉਂ ਲੱਗ ਰਹੇ ਹਨ? ਉਨ੍ਹਾਂ ਕਿਹਾ ਕਿ ਤਪਦੀ ਗਰਮੀ ਕਾਰਨ ਲੋਕ ਤੜਫ ਰਹੇ ਹਨ, ਜਦਕਿ ਤਾਪਮਾਨ 42 ਡਿਗਰੀ ਸੈਲਸੀਅਸ ਤੋਂ ਵੱਧ ਚਲਾ ਗਿਆ ਹੈ, ਬਜ਼ੁਰਗਾਂ ਅਤੇ ਬੱਚਿਆਂ ਦਾ ਕੀ ਬਣੇਗਾ? ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਲਗਾਤਾਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ, ਤਾਂ ਜੋ ਲੋਕ ਤਪਦੀ ਗਰਮੀ ਤੋਂ ਕੁੱਝ ਰਾਹਤ ਪ੍ਰਾਪਤ ਕਰ ਸਕਣ |