ਡਡਵਿੰਡੀ, 27 ਅਪ੍ਰੈਲ (ਦਿਲਬਾਗ ਸਿੰਘ ਝੰਡ)-ਭਾਜਪਾ ਆਗੂ ਰਮਨ ਮਲਿਕ ਵਲੋਂ ਸਿੱਖਾਂ ਖ਼ਿਲਾਫ਼ ਕੀਤੀ ਗਈ ਕਥਿਤ ਭੜਕਾਊ ਬਿਆਨਬਾਜ਼ੀ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਆਕਾਸ਼ ਬਾਂਸਲ ਨੂੰ ਮੰਗ ਪੱਤਰ ਦੇ ਕੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਥੇਦਾਰ ਮੁਖ਼ਤਿਆਰ ਸਿੰਘ ਸੋਢੀ ਡਡਵਿੰਡੀ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਦਿੱਤੇ ਗਏ ਮੰਗ-ਪੱਤਰ ਵਿਚ ਉਨ੍ਹਾਂ ਕਿਹਾ ਕਿ ਭਾਜਪਾ ਆਗੂ ਰਮਨ ਮਲਿਕ ਨੇ ਇਕ ਨਿੱਜੀ ਨਿਊਜ਼ ਚੈਨਲ 'ਤੇ ਸਿੱਖਾਂ ਦੀ ਹੱਤਿਆ ਲਈ ਉਕਸਾਉਣ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ | ਉਨ੍ਹਾਂ ਕਿਹਾ ਕਿ ਉਕਤ ਆਗੂ ਦਾ ਬਿਆਨ ਸਿੱਧੇ ਤੌਰ 'ਤੇ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਕਰਦਾ ਹੈ ਅਤੇ ਸਿੱਖ ਭਾਈਚਾਰੇ 'ਚ ਡਰ ਦਾ ਮਾਹੌਲ ਪੈਦਾ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਭੜਕਾਊ ਬਿਆਨ ਜਿਥੇ ਸਿੱਖਾਂ ਦੀ ਜਾਨ ਲਈ ਖ਼ਤਰਾ ਹੈ, ਉੱਥੇ ਸੂਬੇ ਅੰਦਰਲੀ ਅਮਨ ਕਾਨੂੰਨ ਤੇ ਭਾਈਚਾਰਕ ਸਾਂਝ ਨੂੰ ਤੋੜਨ ਵਾਲਾ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਗੰਭੀਰ ਮਾਮਲੇ 'ਤੇ ਤੁਰੰਤ ਮੁਕੱਦਮਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਇਸ ਦੀ ਰਿਪੋਰਟ ਤੁਰੰਤ ਸਰਕਾਰ ਨੂੰ ਭੇਜੀ ਜਾਵੇ | ਇਸ ਮੌਕੇ ਬੀਬੀ ਸੁਖਜੀਤ ਕੌਰ ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ ਕਪੂਰਥਲਾ, ਬੀਬੀ ਕੁਲਵਿੰਦਰ ਕੌਰ ਇਸਤਰੀ ਵਿੰਗ ਜ਼ਿਲ੍ਹਾ ਪ੍ਰਧਾਨ ਜਲੰਧਰ, ਕੁਲਵਿੰਦਰ ਸਿੰਘ ਮੀਤ ਪ੍ਰਧਾਨ ਕਪੂਰਥਲਾ, ਸੰਤੋਖ ਸਿੰਘ ਯੂਥ ਪ੍ਰਧਾਨ ਕਪੂਰਥਲਾ, ਸਤਬੀਰ ਸਿੰਘ ਪੈੱ੍ਰਸ ਸਕੱਤਰ, ਮਨਿੰਦਰ ਸਿੰਘ ਜਰਨਲ ਸਕੱਤਰ, ਬਲਦੇਵ ਸਿੰਘ ਮੰਤਰੀ ਭਾਣੋਲੰਗਾ, ਮਲਕੀਤ ਸਿੰਘ, ਸੁਖਵਿੰਦਰ ਸਿੰਘ, ਮੱਖਣ ਸਿੰਘ, ਹਰਪ੍ਰੀਤ ਸਿੰਘ ਅਤੇ ਚਰਨਜੀਤ ਸਿੰਘ ਆਦਿ ਹਾਜ਼ਰ ਸਨ |