ਗਿਆਨ ਭਾਰਤਮ ਮਿਸ਼ਨ ਤਹਿਤ ਪੁਰਾਣੀਆਂ ਹੱਥ ਲਿਖਤਾਂ ਦੀ ਖੋਜ ਲਈ ਸਰਵੇ ਟੀਮਾਂ ਦਾ ਗਠਨ-ਸ਼ਿਖਾ ਭਗਤ
ਅਜੀਤ ਡੈਸਕ
29-04-2026
ਕਪੂਰਥਲਾ, 28 ਅਪ੍ਰੈਲ (ਵਿ.ਪ੍ਰ.)-ਕੇਂਦਰ ਸਰਕਾਰ ਵਲੋਂ ਗਿਆਨ ਭਾਰਤਮ ਮਿਸ਼ਨ ਤਹਿਤ ਵੱਖ-ਵੱਖ ਪੁਰਾਣੀਆਂ ਥਾਵਾਂ 'ਤੇ ਹੱਥ ਲਿਖਤਾਂ ਨੂੰ ਖੋਜਣ ਤੇ ਆਉਣ ਵਾਲੀਆਂ ਪੀੜੀਆਂ ਨੂੰ ਸੰਭਾਲਣ ਦਾ ਸੁਹਿਰਦ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਜ਼ਿਲ੍ਹੇ 'ਚ ਸਰਵੇ ਟੀਮਾਂ ਦਾ ਗਠਨ ਕੀਤਾ ਗਿਆ ਹੈ | ਇਸ ਸੰਬੰਧੀ ਨੋਡਲ ਅਫ਼ਸਰ ਤੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਫਗਵਾੜਾ ਸ਼ਿਖਾ ਭਗਤ ਨੇ ਕਿਹਾ ਕਿ ਇਸ ਮਿਸ਼ਨ ਤਹਿਤ ਸਾਰੀਆਂ ਪੁਰਾਣੀਆਂ ਹੱਥ ਲਿਖਤਾਂ ਖੋਜਣ ਤੋਂ ਬਾਅਦ ਗਿਆਨ ਭਾਰਤਮ ਐਪ 'ਤੇ ਜਾ ਕੇ ਇਨ੍ਹਾਂ ਦੀ ਜਾਣਕਾਰੀ ਅਪਲੋਡ ਕੀਤੀ ਜਾਵੇਗੀ | ਇਸੇ ਦੌਰਾਨ ਹੀ ਅਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਿਸ਼ਨ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ | ਜੇਕਰ ਕਿਸੇ ਵਿਅਕਤੀ ਕੋਲ ਜਾਂ ਕਿਸੇ ਸੰਸਥਾ, ਲਾਇਬ੍ਰੇਰੀ, ਗੁਰਦੁਆਰਾ, ਮੰਦਰ, ਡੇਰਾ ਜਾਂ ਕਿਸੇ ਹੋਰ ਸਥਾਨ 'ਤੇ ਅਜਿਹੀ ਕੋਈ ਦੁਰਲੱਭ ਹੱਥ ਲਿਖਤ ਹੋਵੇ ਤਾਂ ਇਸਦੀ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ ਕਪੂਰਥਲਾ ਦੇ ਦਫ਼ਤਰ ਨਾਲ ਸੰਪਰਕ ਕਰਕੇ ਦਿੱਤੀ ਜਾਵੇ |