ਫਗਵਾੜਾ, 2 ਮਈ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਡੱਡਲ ਮੁਹੱਲਾ 'ਚ ਨਸ਼ੇ ਦੇ ਆਦੀ ਇੱਕ ਨੌਜਵਾਨ ਵੱਲੋਂ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਗੁਆਉਣ ਦੀ ਦਰਦਨਾਕ ਘਟਨਾ ਨੇ ਨਸ਼ੇ ਦੀ ਹਕੀਕਤ ਨੂੰ ਇੱਕ ਵਾਰ ਫਿਰ ਸਾਹਮਣੇ ਲਿਆ ਦਿੱਤਾ ਹੈ | ਇਹ ਘਟਨਾ ਜਿੱਥੇ ਇੱਕ ਪਰਿਵਾਰ ਲਈ ਵੱਡੀ ਤ੍ਰਾਸਦੀ ਹੈ, ਉੱਥੇ ਹੀ ਸਰਕਾਰ ਤੇ ਪੁਲੀਸ ਵਲੋਂ ਨਸ਼ੇ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤੇ ਦਾਅਵਿਆਂ 'ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ | ਮਿ੍ਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਸ਼ਰਨਜੀਤ ਸਿੰਘ ਜੋ ਲੰਮੇ ਸਮੇਂ ਤੋਂ ਨਸ਼ੇ ਦੀ ਲਤ ਦਾ ਸ਼ਿਕਾਰ ਸੀ ਤੇ ਆਰਥਿਕ ਤੰਗੀ ਦੇ ਬਾਵਜੂਦ ਘਰ 'ਚ ਨਸ਼ੇ ਲਈ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ | ਪਰਿਵਾਰ ਨੇ ਇਹ ਵੀ ਦੱਸਿਆ ਕਿ ਉਹ ਪਹਿਲਾਂ ਦੋ ਵਾਰ ਨਸ਼ਾ ਛੁਡਾਊ ਕੇਂਦਰ 'ਚ ਜਾ ਚੁੱਕਾ ਸੀ ਤੇ ਹੁਣ ਵੀ ਉਸ ਨੰੂ ਭੇਜਣ ਲਈ ਉਨ੍ਹਾਂ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪਰ ਫਿਰ ਵੀ ਇਸ ਲੱਤ ਤੋਂ ਬਚ ਨਹੀਂ ਸਕਿਆ ਤੇ ਪੈਸੇ ਨਾ ਮਿਲਣ ਦੀ ਖਾਤਰ ਉਸ ਨੇ ਆਪਣੀ ਜਾਨ ਦੇ ਦਿੱਤੀ | ਘਟਨਾ ਨੇ ਇਹ ਗੱਲ ਵੀ ਸਾਹਮਣੇ ਰੱਖੀ ਹੈ ਕਿ ਜਿੱਥੇ ਇੱਕ ਪਾਸੇ ਨਸ਼ੇ ਨੂੰ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਜ਼ਮੀਨੀ ਪੱਧਰ 'ਤੇ ਹਾਲਾਤ ਅਜੇ ਵੀ ਚਿੰਤਾਜਨਕ ਹਨ | ਇਸ ਮਾਮਲੇ ਤੋਂ ਬਾਅਦ ਆਮ ਲੋਕਾਂ 'ਚ ਚਰਚਾ ਸ਼ੁਰੂ ਹੋ ਗਈ ਹੈ ਕਿ ਆਿਖ਼ਰਕਾਰ ਜੋ ਵੀ ਨਸ਼ਾ ਹੈ ਉਹ ਕਿਥੋਂ ਆ ਰਿਹਾ ਹੈ ਤੇ ਜ਼ਿਲੇ੍ਹ 'ਚ ਪਹਿਲਾ ਵੀ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ | ਲੋਕਾਂ ਦਾ ਕਹਿਣਾ ਹੈ ਕਿ ਨਸ਼ਾ ਅਜੇ ਵੀ ਕਿਸੇ ਨਾ ਕਿਸੇ ਤਰੀਕੇ ਮਿਲ ਰਿਹਾ ਹੈ ਜਿਸ ਕਾਰਨ ਨੌਜਵਾਨ ਇਸ ਦੀ ਲਪੇਟ 'ਚ ਆ ਰਹੇ ਹਨ | ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਅਜਿਹੀਆਂ ਘਟਨਾਵਾਂ 'ਚ ਕਮੀ ਨਹੀਂ ਆਵੇਗੀ | ਇਸ ਗੱਲ ਤੋਂ ਸਵਾਲ ਇਹ ਹੀ ਸਾਹਮਣੇ ਆਉਂਦਾ ਹੈ ਕਿ ਆਿਖ਼ਰਕਾਰ ਪੰਜਾਬ 'ਚ ਨਸ਼ਾ ਸੱਚਮੁੱਚ ਕਾਬੂ 'ਚ ਆਇਆ ਹੈ ਜਾਂ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਹੈ, ਇਹ ਘਟਨਾ ਪ੍ਰਸ਼ਾਸਨ ਲਈ ਇੱਕ ਸਪਸ਼ਟ ਚੇਤਾਵਨੀ ਵਜੋਂ ਸਾਹਮਣੇ ਆਈ ਹੈ ਕਿ ਨਸ਼ੇ ਖ਼ਿਲਾਫ਼ ਮੁਹਿੰਮ ਨੂੰ ਸਿਰਫ਼ ਦਾਅਵਿਆਂ ਤੱਕ ਸੀਮਤ ਨਾ ਰੱਖ ਕੇ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਬਣਾਇਆ ਜਾਵੇ ਤੇ ਇਸ 'ਤੇ ਕਾਬੂ ਪਾਉਣ ਲਈ ਸਖ਼ਤੀ ਦੀ ਜ਼ਰੂਰਤ ਹੈ |