ਫਗਵਾੜਾ, 3 ਮਈ (ਹਰਜੋਤ ਸਿੰਘ ਚਾਨਾ)-ਲੋਕ ਹਿਤੈਸ਼ੀ ਕਾਫ਼ਲਾ ਵਲੋਂ ਟਾਊਨ ਹਾਲ ਦੇ ਪਾਰਕ 'ਚ ਮਜ਼ਦੂਰ ਦਿਵਸ ਮਨਾਉਂਦੇ ਹੋਏ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਸਮਾਗਮ ਦੀ ਅਗਵਾਈ ਸੁਖਦੇਵ ਸਿੰਘ, ਕੁਲਦੀਪ ਸਿੰਘ ਕੌੜਾ, ਹੰਸ ਰਾਜ ਬੰਗੜ, ਗੁਰਮੁਖ ਲੋਕ ਪ੍ਰੇਮੀ, ਗੋਪਾਲ ਕਿ੍ਸ਼ਨ, ਹਰਚਰਨ ਭਾਰਤੀ ਤੇ ਜਸਵਿੰਦਰ ਸਿੰਘ ਨੇ ਕੀਤੀ | ਸਮਾਗਮ ਦੀ ਸ਼ੁਰੂਆਤ ਮਜ਼ਦੂਰ ਲਹਿਰ ਦਾ ਲਾਲ ਝੰਡਾ ਲਹਿਰਾ ਕੇ ਕੀਤੀ ਗਈ | ਬੁਲਾਰਿਆਂ 'ਚ ਜਸਵਿੰਦਰ ਸਿੰਘ, ਪ੍ਰਮੋਦ ਕੁਮਾਰ ਜੋਸ਼ੀ, ਗਿਆਨ ਚੰਦ ਨਈਅਰ, ਬਲਵੀਰ ਸਿੰਘ ਦੋਸਾਂਝ, ਸੁਰਿੰਦਰ ਪਾਲ ਪੱਦੀ ਜਗੀਰ ਅਤੇ ਐੱਸ.ਐੱਲ. ਵਿਰਦੀ ਨੇ ਮਈ ਦਿਵਸ ਦੀ ਮਹੱਤਤਾ ਉਜਾਗਰ ਕਰਦੇ ਹੋਏ 1886 ਦੇ ਸ਼ਿਕਾਗੋ ਦੀ ਘਟਨਾ ਦਾ ਜ਼ਿਕਰ ਕੀਤਾ, ਜਿੱਥੇ 8 ਘੰਟੇ ਕੰਮ ਦੀ ਮੰਗ ਲਈ ਸ਼ਾਂਤੀਪੂਰਣ ਪ੍ਰਦਰਸ਼ਨ ਦੌਰਾਨ ਮਜ਼ਦੂਰਾਂ 'ਤੇ ਗੋਲੀਆਂ ਚਲਾਈਆਂ ਗਈਆਂ | ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਚਾਰ ਕਿਰਤ ਕੋਡਾਂ ਦੀ ਨਿੰਦਾ ਕਰਦੇ ਹੋਏ ਉਨ੍ਹਾਂ ਨੂੰ ਮਜ਼ਦੂਰ ਵਿਰੋਧੀ ਕਰਾਰ ਦਿੱਤਾ ਤੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੇ ਹੱਕਾਂ ਦੀ ਰੱਖਿਆ ਲਈ ਸੰਘਰਸ਼ ਜਾਰੀ ਰੱਖਣਾ ਹੀ ਮਈ ਦਿਵਸ ਦੇ ਸ਼ਹੀਦਾਂ ਲਈ ਸੱਚੀ ਸ਼ਰਧਾਂਜਲੀ ਹੈ ਤੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਕੰਮ ਦੇ ਘੰਟੇ 8 ਤੋਂ ਵਧਾਉਣ ਦੀ ਬਜਾਏ 6 ਘੰਟੇ ਨਿਸ਼ਚਿਤ ਕੀਤੇ ਜਾਣ | ਸਮਾਗਮ ਦੌਰਾਨ ਸੀਤਲ ਰਾਮ ਲੋਈ, ਮਨਦੀਪ ਮਹਿਰਮ ਤੇ ਹਰਚਰਨ ਭਾਰਤੀ ਨੇ ਇਨਕਲਾਬੀ ਕਵਿਤਾਵਾਂ ਪੇਸ਼ ਕੀਤੀਆਂ | ਇਸ ਮੌਕੇ ਕੁਲਦੀਪ ਸਿੰਘ ਕੌੜਾ, ਮੋਹਣ ਸਿੰਘ ਭੱਟੀ, ਮਨੋਹਰ ਲਾਲ, ਅਮਰਜੀਤ ਮੇਹਲੀ, ਪਿ੍ੰਸੀਪਲ ਆਤਮਾ ਰਾਮ, ਸਤਵੰਤ ਟੂਰਾ, ਜਸਵਿੰਦਰ ਢੱਡਾ ਸਮੇਤ ਕਈ ਹੋਰ ਹਾਜ਼ਰ ਸਨ |