ਭੁਲੱਥ, 4 ਮਈ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ ਅਤੇ ਸਰਬਜੀਤ ਸਿੰਘ ਧੀਰਪੁਰ ਸਕੱਤਰ ਜਰਨਲ ਦੀ ਪ੍ਰਧਾਨਗੀ ਹੇਠ ਪਿੰਡ ਮਾਨਾ ਤਲਵੰਡੀ ਵਿਖੇ ਹੋਈ | ਇਸ ਮੀਟਿੰਗ ਵਿਚ ਕਿਸਾਨੀ ਮੁੱਦਿਆਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਐੱਮ.ਐੱਸ.ਪੀ. ਦੇ ਹਿਸਾਬ ਨਾਲ ਝੋਨੇ ਦਾ ਰੇਟ 4000 ਰੁਪਏ, ਮੱਕੀ 3000, ਗੰਨਾ 600 ਰੁਪਏ, ਕਣਕ 4500 ਪ੍ਰਤੀ ਕੁਇੰਟਲ ਦਿੱਤਾ ਜਾਵੇ ਤੇ ਮਹਿੰਗਾਈ ਸੂਚਕ ਦੇ ਹਿਸਾਬ ਨਾਲ ਆਲੂਆਂ ਸਬਜ਼ੀਆਂ ਦਾ ਰੇਟ ਕੇਂਦਰ ਅਤੇ ਪੰਜਾਬ ਸਰਕਾਰ ਦੇਵੇ | ਗੁਆਂਢੀ ਦੇਸ਼ਾਂ ਦੇ ਬਾਰਡਰ ਖੋਲੇ ਜਾਣ ਤਾਂ ਜੋ ਕਿਸਾਨ ਉੱਥੇ ਮਹਿੰਗੇ ਰੇਟ ਤੇ ਆਪਣੀ ਫ਼ਸਲ ਦਾ ਮੁੱਲ ਲੈ ਕੇ ਆਪਣੇ ਪਰਿਵਾਰ ਨੂੰ ਚੰਗੀ ਵਿੱਦਿਆ ਦੇ ਸਕਣ ਅਤੇ ਜੋ ਬੱਚੇ ਵਿਦੇਸ਼ਾਂ ਵਿਚ ਜਾਂਦੇ ਹਨ ਉਹ ਇੱਥੇ ਖੇਤੀ ਕਰਨ | ਪੜੇ ਲਿਖੇ ਬੱਚਿਆਂ ਨੂੰ ਦੋਨੋਂ ਸਰਕਾਰਾਂ ਨੌਕਰੀਆਂ ਦੇਣ ਤਾਂ ਹੀ ਜਵਾਨ ਨਸ਼ਿਆਂ ਤੋਂ ਦੂਰ ਹੋਣਗੇ | ਦੁਕਾਨਦਾਰ ਝੋਨੇ ਦਾ ਬੀਜ ਮਹਿੰਗਾ ਨਾ ਦੇਣ ਤੇ ਅਸਲੀ ਕੁਆਲਿਟੀ ਦਾ ਬੀਜ ਦੇਣ | ਪੰਜਾਬ ਸਰਕਾਰ ਆਪਣੇ ਅਦਾਰੇ ਤੋਂ ਕਿਸਾਨਾਂ ਨੂੰ ਬੀਜ ਮੁਹੱਈਆ ਕਰਵਾਉਣ | ਉਨ੍ਹਾਂ ਮੰਗ ਕਰਦੇ ਕਿਹਾ ਕਿ ਯੂਰੀਆ ਖਾਦ ਅਤੇ ਡੀ.ਏ.ਪੀ. ਖਾਦ ਦੀ ਵੱਡੀ ਘਾਟ ਜ਼ਿਲੇ੍ਹ ਵਿਚ ਹੈ | ਖਾਦ ਸੋਸਾਇਟੀਆਂ ਵਿਚ ਜਲਦੀ ਮੰਗਵਾਈ ਜਾਵੇ | ਉਨ੍ਹਾਂ ਕਿਹਾ ਕਿ ਯੂਨੀਅਨ ਮੰਗ ਕਰਦੀ ਹੈ ਕਿ ਖਸਖਸ ਦੀ ਖੇਤੀ ਦੀ ਬੀਜਣ ਵਾਸਤੇ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਕਿਉਂਕਿ ਨਸ਼ਾ, ਗੋਲੀਆਂ, ਚਿੱਟਾ, ਟੀਕੇ, ਹੈਰੋਇਨ ਨੂੰ ਖਾ ਕੇ ਮੌਤਾਂ ਹੋ ਰਹੀਆਂ ਹਨ | ਜੋ ਸੜਕਾਂ ਤੇ ਗੁੱਜਰਾਂ ਦੇ ਵੱਡੇ ਝੁੰਡ ਪਸ਼ੂਆਂ ਨੂੰ ਲੈ ਕੇ ਬੂਟੇ ਚਾਰਦੇ ਹਨ ਤੇ ਭੰਨ ਤੋੜ ਕਰਦੇ ਹਨ ਇਸ ਤੇ ਪਾਬੰਦੀ ਲਾਈ ਜਾਵੇ ਕਿ ਇਹ ਪਸ਼ੂ ਨੂੰ ਬੰਨ ਕੇ ਪੱਠੇ ਪਾਉਣ ਤਾਂ ਜੋ ਪੰਜਾਬ ਨੂੰ ਹਰਿਆ ਭਰਿਆ ਬਣਾਇਆ ਜਾਵੇ | ਜੋ ਭੁਲੱਥ ਤੋਂ ਕਰਤਾਰਪੁਰ ਸ਼ਹਿਰ ਕੋਲ ਦੋ ਕਿੱਲੋਮੀਟਰ ਸੜਕ ਬਣਦੀ ਨੂੰ ਪੰਜ ਮਹੀਨੇ ਹੋ ਗਏ ਹਨ ਲੋਕਾਂ ਦਾ ਲੰਘਣਾ ਬੇਹਾਲ ਹੋਇਆ ਹੋਇਆ ਹੈ | ਗੱਡੀਆਂ ਟਰੱਕ ਤੇ ਹੋਰ ਵਹੀਕਲ ਰਸਤਾ ਖ਼ਰਾਬ ਹੋਣ ਕਰਕੇ ਟੁੱਟ ਰਹੇ ਹਨ ਉਸ ਖਸਤਾ ਰਸਤੇ ਨੂੰ ਜਲਦੀ ਬਣਾਇਆ ਜਾਵੇ | ਇਸ ਮੌਕੇ ਤੇ ਬਹਾਦਰ ਸਿੰਘ ਮਲੀਆਂ ਬਲਾਕ ਪ੍ਰਧਾਨ ਕਰਤਾਰਪੁਰ, ਚਰਨਜੀਤ ਸਿੰਘ ਕਾਲਾ ਖੇੜਾ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ, ਗੁਰਵਿੰਦਰ ਸਿੰਘ ਮਿੰਟੂ ਲਿੱਟਾ, ਸਤਿੰਦਰ ਸਿੰਘ ਮੱਲੀਆਂ, ਬਲਵਿੰਦਰ ਸਿੰਘ ਮੱਲ੍ਹੀ ਨੰਬਰਦਾਰ, ਸੂਰਤ ਸਿੰਘ ਕੁੱਦੋਵਾਲ, ਅਮਰੀਕ ਸਿੰਘ ਕੁੱਦੋਵਾਲ, ਜਗਜੀਤ ਸਿੰਘ ਪੱਤੜ ਕਲਾਂ, ਤਜਿੰਦਰ ਸਿੰਘ ਕਰਤਾਰਪੁਰ, ਸੁਖਦੇਵ ਸਿੰਘ ਕਾਲਾ ਖੇੜਾ, ਸੁੱਚਾ ਸਿੰਘ ਸਰਪੰਚ ਕਾਲਾ ਖੇੜਾ, ਭਜਨ ਸਿੰਘ ਕਾਲਾ ਖੇੜਾ, ਦਲਜੀਤ ਸਿੰਘ ਘੁੱਗਸ਼ੋਰ, ਜਰਨੈਲ ਸਿੰਘ ਫੌਜੀ, ਜਸਵਿੰਦਰ ਸਿੰਘ ਮਾਨਾ ਤਲਵੰਡੀ, ਰਣਜੀਤ ਸਿੰਘ ਕਾਹਲੋਂ ਦਿਆਲਪੁਰ, ਹਰਵਿੰਦਰ ਸਿੰਘ ਸਿੱਧੂ ਦਿਆਲਪੁਰ, ਗੁਰਪ੍ਰੀਤ ਸਿੰਘ ਮੱਲੀਆ, ਬਲਜੀਤ ਸਿੰਘ ਮੱਲੀਆ, ਮੋਹਨ ਲਾਲ ਸਰਪੰਚ ਮੱਲੀਆਂ, ਅਨੋਕ ਸਿੰਘ ਕਰਤਾਰਪੁਰ, ਨਰਿੰਦਰ ਸਿੰਘ ਲਿਟਾਂ, ਸੁਵਿੰਦਰ ਸਿੰਘ ਲਿੱਟਾ, ਲਖਵਿੰਦਰ ਸਿੰਘ ਲਿੱਟਾਂ, ਭੁਪਿੰਦਰ ਸਿੰਘ ਕਾਹਲਵਾਂ, ਜਗਤਾਰ ਸਿੰਘ ਮਾਨਾ ਤਲਵੰਡੀ, ਜੋਗਿੰਦਰ ਸਿੰਘ ਬਾਗੜੀਆਂ ਜ਼ਿਲ੍ਹਾ ਮੀਤ ਪ੍ਰਧਾਨ ਅਤੇ ਹੋਰ ਕਿਸਾਨ ਹਾਜ਼ਰ ਸਨ |