ਬੇਗੋਵਾਲ, 4 ਮਈ (ਸੁਖਜਿੰਦਰ ਸਿੰਘ)-ਪੰਜਾਬ ਵਿਚ ਜਦੋਂ ਵੀ ਹਾੜੀ ਸਾਉਣੀ ਦੀ ਫ਼ਸਲ ਦੀ ਕਟਾਈ ਹੋਣ ਉਪਰੰਤ ਕਿਸਾਨਾਂ ਵੱਲੋਂ ਖੇਤਾਂ ਵਿਚ ਅੱਗ ਲਾਉਣ ਨਾਲ ਜਿੱਥੇ ਖੇਤਾਂ ਦੇ ਆਲੇ ਦੁਆਲੇ ਅਨੇਕਾਂ ਦਰਖ਼ਤ ਸੜ ਕੇ ਸੁਆਹ ਹੋ ਜਾਂਦੇ ਹਨ ਉੱਥੇ ਰਾਹਗੀਰਾਂ ਲਈ ਸੜਕਾਂ 'ਤੇ ਲੱਗੇ ਦਰਖ਼ਤ ਵੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਜਾਂਦੇ ਹਨ ਜਿਨ੍ਹਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਨੂੰ ਹੋਰ ਸਖ਼ਤ ਫ਼ੈਸਲੇ ਲੈਣੇ ਚਾਹੀਦੇ ਹਨ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਵਾਤਾਵਰਨ ਪ੍ਰੇਮੀ ਤੇ ਪਿੰਡ ਭਦਾਸ ਦੇ ਸਰਪੰਚ ਨਿਸ਼ਾਨ ਸਿੰਘ ਬਲਿਆਣੀਆਂ ਨੇ ਬੇਗੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿਚ ਦਿਨੋਂ ਦਿਨ ਵਾਤਾਵਰਨ ਦੂਸ਼ਿਤ ਹੋ ਰਿਹਾ ਹੈ ਤੇ ਇਸ ਨੂੰ ਬਚਾਉਣ ਲਈ ਜਿੱਥੇ ਵੱਡੀ ਗਿਣਤੀ ਵਿਚ ਦਰਖ਼ਤ ਲਗਾਏ ਜਾਣੇ ਚਾਹੀਦੇ ਹਨ ਤਾਂ ਜੋ ਪੰਜਾਬ ਫਿਰ ਹਰਿਆ ਭਰਿਆ ਹੋ ਸਕੇ | ਪਰ ਇਸ ਦੇ ਉਲਟ ਹਰ ਸਾਲ ਹਾੜੀ ਤੇ ਸੌਣੀ ਦੀਆਂ ਫ਼ਸਲਾਂ ਦੀ ਕਟਾਈ ਉਪਰੰਤ ਖੇਤਾਂ ਵਿਚ ਅੱਗ ਲੱਗਣ ਨਾਲ ਜਿੱਥੇ ਸਾਡੇ ਵੱਡੀ ਗਿਣਤੀ ਵਿਚ ਦਰਖ਼ਤ ਸੜ ਕੇ ਸੁਆਹ ਹੋ ਜਾਂਦੇ ਹਨ ਉੱਥੇ ਹੀ ਖੇਤਾਂ ਵਿਚ ਅੱਗ ਲੱਗਣ ਨਾਲ ਸਾਡੇ ਮਿੱਤਰ ਕੀੜੇ ਵੀ ਖ਼ਤਮ ਹੋ ਜਾਂਦੇ ਹਨ ਜੋ ਸਾਡੀਆਂ ਫ਼ਸਲਾਂ ਲਈ ਸਹਾਈ ਹੁੰਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਗੱਲ ਪਿੰਡ ਭਦਾਸ ਦੀ ਕੀਤੀ ਜਾਵੇ ਤਾਂ ਇਸ ਨਗਰ ਦੀ ਪਹਿਲੀ ਪੰਚਾਇਤ ਤੇ ਹੁਣ ਪੰਚਾਇਤ ਵੱਲੋਂ ਬੇਗੋਵਾਲ ਭੁਲੱਥ ਰੋਡ ਬੇਗੋਵਾਲ ਮਕਸੂਦਪੁਰ ਰੋਡ ਤੇ ਅਨੇਕਾਂ ਦਰਖ਼ਤ ਵਾਤਾਵਰਨ ਨੂੰ ਸ਼ੁੱਧ ਰੱਖਣ ਦੇ ਉਦੇਸ਼ ਨਾਲ ਲਗਾਏ ਗਏ ਸਨ | ਪਰੰਤੂ ਇਸ ਸਾਲ ਵੀ ਤੇ ਪਿਛਲੇ ਸਾਲ ਵੀ ਖੇਤਾਂ ਵਿਚ ਅੱਗ ਲੱਗਣ ਨਾਲ ਅਨੇਕਾਂ ਦਰਖ਼ਤ ਸੜ ਕੇ ਸਵਾਹ ਹੋ ਗਏ ਸਨ | ਉਨ੍ਹਾਂ ਕਿਹਾ ਕਿ ਇਹਨਾਂ ਦਰਖਤਾਂ ਨੂੰ ਸੜਨ ਤੋਂ ਬਚਾਉਣ ਲਈ ਜਿੱਥੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਉੱਥੇ ਪ੍ਰਸ਼ਾਸਨ ਨੂੰ ਵੀ ਲਿਖਤੀ ਤੌਰ 'ਤੇ ਦਰਖਾਸਤ ਦਿੱਤੀ ਸੀ ਤਾਂ ਜੋ ਇਹਨਾਂ ਦਰਖਤਾਂ ਨੂੰ ਸਾੜਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ | ਸਰਪੰਚ ਨਿਸ਼ਾਨ ਸਿੰਘ ਬਲਿਆਣੀਆਂ ਨੇ ਕਿਹਾ ਕਿ ਭਾਵੇਂ ਸਰਕਾਰਾਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਈ ਸੈਮੀਨਾਰ ਵਗੈਰਾ ਲਗਾ ਰਹੇ ਹਨ ਤੇ ਨਾਲ ਹੀ ਹਰ ਤਰ੍ਹਾਂ ਦੇ ਵਸੀਲੇ ਨਾਲ ਇਹਨਾਂ ਨੂੰ ਅਜਿਹਾ ਕਰਨ ਤੋਂ ਰੋਕ ਰਹੇ ਹਨ ਪਰ ਫਿਰ ਵੀ ਲਗਾਤਾਰ ਹਰ ਸਾਲ ਹਜ਼ਾਰਾਂ ਏਕੜ ਫ਼ਸਲ ਦੀ ਰਹਿੰਦ ਖੰੂਹਦ ਭਾਵ ਕਿ ਨਾੜ ਨੂੰ ਅੱਗ ਲਗਾ ਕੇ ਸਾੜਿਆ ਜਾ ਰਿਹਾ ਹੈ | ਉਨ੍ਹਾਂ ਨੇ ਸਰਕਾਰ ਨੂੰ ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਨਾੜ ਨੂੰ ਅੱਗ ਤੋਂ ਬਚਾਉਣ ਲਈ ਤੇ ਰਹਿਣ ਖੰੂਹਦ ਨੂੰ ਖੇਤਾਂ ਵਿਚ ਵਹਾਉਣ ਲਈ ਕਿਸਾਨਾਂ ਨੂੰ ਮਸ਼ੀਨਰੀ ਮੁਹੱਈਆ ਕਰਵਾਵੇ ਤਾਂ ਜੋ ਵਾਤਾਵਰਨ ਸਾਡਾ ਦੁਸ਼ਟ ਨਾ ਹੋ ਸਕੇ |