ਫਗਵਾੜਾ, 8 ਮਈ (ਹਰਜੋਤ ਸਿੰਘ ਚਾਨਾ)-ਡੇਂਗੂ ਬੁਖ਼ਾਰ ਤੋਂ ਬਚਾਅ ਲਈ ਸਿਹਤ ਵਿਭਾਗ ਵਲੋਂ ਮੁਹਿੰਮ ਸ਼ੁਰੂ ਕੀਤੀ ਗਈ ਹੈ | ਜਿਸ ਤਹਿਤ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਨੰਦਿਕਾ ਖੁੱਲਰ ਵਲੋਂ ਹਾਟ ਸਪਾਟ ਏਰੀਏ ਸ਼ੂਗਰ ਮਿੱਲ ਕਲੋਨੀ, ਰੇਲਵੇ ਕਲੋਨੀ ਤੇ ਫਗਵਾੜਾ ਦੇ ਹੋਰ ਵੱਖ ਵੱਖ ਖੇਤਰਾਂ 'ਚ ਚੈਕਿੰਗ ਮੁਹਿੰਮ ਚਲਾਈ ਗਈ | ਉਨ੍ਹਾਂ ਰੇਲਵੇ ਕਲੋਨੀ, ਸ਼ੂਗਰ ਮਿੱਲ ਕਲੋਨੀ ਵਿਖੇ ਡੇਂਗੂ ਰੋਕਥਾਮ ਮੁਹਿੰਮ ਦਾ ਨਿਰੀਖਣ ਕੀਤਾ ਤੇ ਜ਼ਰੂਰੀ ਹਦਾਇਤਾਂ ਦਿੱਤੀਆਂ | ਇਸ ਮੌਕੇ ਗੱਲਬਾਤ ਕਰਦਿਆਂ ਡਾ. ਨੰਦਿਕਾ ਖੁੱਲਰ ਨੇ ਆਖਿਆ ਕਿ ਡੇਂਗੂ ਜਿਹੇ ਮਾਰੂ ਬੁਖ਼ਾਰ ਤੋਂ ਬਚਾਅ ਲਈ ਸਾਰਿਆਂ ਨੂੰ ਜਾਗਰੂਕ ਹੋਣ ਤੇ ਸਾਵਧਾਨੀਆਂ ਵਰਤਣ ਦੀ ਲੋੜ ਹੈ ਤੇ ਕਿਸੇ ਵੀ ਥਾਂ 'ਤੇ ਪਾਣੀ ਜਮਹਾਂ ਨਾ ਹੋਣ ਦਿੱਤਾ ਜਾਵੇ ਤਾਂ ਕਿ ਡੇਂਗੂ ਬੁਖ਼ਾਰ ਲਈ ਜ਼ਿੰਮੇਵਾਰ ਮੱਛਰ ਪੈਦਾ ਨਾ ਹੋ ਸਕੇ | ਉਨ੍ਹਾਂ ਡੇਂਗੂ ਦੀ ਰੋਕਥਾਮ ਲਈ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਲੋਕਾਂ ਦੀ ਮਦਦ ਨਾਲ ਹੀ ਸਬ ਡਵੀਜ਼ਨ ਫਗਵਾੜਾ ਨੂੰ ਡੇਂਗੂ ਮੁਕਤ ਬਣਾਇਆ ਜਾ ਸਕਦਾ ਹੈ | ਇਸ ਮੌਕੇ ਹੈਲਥ ਇੰਸਪੈਕਟਰ ਕੰਵਲਜੀਤ ਸਿੰਘ, ਹੈਲਥ ਸੁਪਰਵਾਈਜ਼ਰ ਬਲਿਹਾਰ ਚੰਦ, ਲਖਵਿੰਦਰ ਸਿੰਘ ਹੈਲਥ ਵਰਕਰ, ਬਿ੍ਡਿੰਗ ਚੈਕਰ ਸੁਨੀਲ ਕੁਮਾਰ, ਮਨੀ ਕੁਮਾਰ ਆਦਿ ਮੌਜੂਦ ਸਨ |