ਸੁਲਤਾਨਪੁਰ ਲੋਧੀ, 8 ਮਈ (ਥਿੰਦ)-ਫਾਲਕਨ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਂ ਦਿਵਸ ਚੇਅਰਮੈਨ ਕਰਨਲ ਅਜੀਤ ਸਿੰਘ ਢਿੱਲੋਂ ਅਤੇ ਮੈਨੇਜਿੰਗ ਡਾਇਰੈਕਟਰ ਨਵਦੀਪ ਕੌਰ ਢਿੱਲੋਂ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਸਮਾਗਮ ਨੂੰ ਵਾਈਸ ਪਿ੍ੰਸੀਪਲ ਰਵਿੰਦਰਜੀਤ ਕੌਰ ਅਤੇ ਐਕਟੀਵਿਟੀ ਇੰਚਾਰਜ ਸ਼ਰਨਜੀਤ ਕੌਰ ਦੀ ਦੇਖਰੇਖ ਹੇਠ ਸੁਚੱਜੇ ਢੰਗ ਨਾਲ ਸੰਪੰਨ ਕਰਵਾਇਆ ਗਿਆ | ਇਸ ਸਮਾਗਮ ਦਾ ਮੁੱਖ ਉਦੇਸ਼ ਵੱਖ ਵੱਖ ਗਤੀਵਿਧੀਆਂ ਅਤੇ ਐਕਟੀਵਿਟੀਆਂ ਰਾਹੀਂ ਵਿਦਿਆਰਥੀਆਂ ਵਿਚ ਮਾਂ ਪ੍ਰਤੀ ਪਿਆਰ, ਅਤੇ ਸਤਿਕਾਰ ਦੀ ਭਾਵਨਾ ਪੈਦਾ ਕਰਨਾ ਸੀ | ਇਸ ਆਯੋਜਨ ਦੌਰਾਨ ਨਰਸਰੀ ਜਮਾਤ ਤੋਂ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਮਾਂ ਦਿਵਸ ਲਈ ਕਾਰਡ ਬਣਾਏ,ਤੀਜੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ 'ਮੇਰੀ ਮਾਂ' ਵਿਸ਼ੇ ਤੇ ਕਵਿਤਾ ਅਤੇ ਗੀਤ ਪੇਸ਼ ਕੀਤੇ ਗਏ | ਵਿਦਿਆਰਥੀਆਂ ਨੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਵਿਚ ਆਪਣੀਆਂ ਭਾਵਨਾਵਾਂ ਬੜੇ ਹੀ ਸੁੰਦਰ ਢੰਗ ਨਾਲ ਪ੍ਰਗਟ ਕੀਤੀਆਂ | ਛੇਵੀਂ ਤੋਂ ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ 'ਮਾਈ ਮਦਰ' ਵਿਸ਼ੇ ਉੱਤੇ ਅੰਗਰੇਜ਼ੀ ਭਾਸ਼ਾ ਵਿਚ ਲੇਖ ਲਿਖਣ ਮੁਕਾਬਲੇ ਵਿਚ ਭਾਗ ਲਿਆ | ਇਸ ਤੋਂ ਇਲਾਵਾ ਨੌਵੀਂ ਤੋਂ ਗਿਆਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਵੱਲੋਂ ਮਦਰਜ਼ ਡੇ ਥੀਮ ਉੱਤੇ ਪੋਸਟਰ ਮੇਕਿੰਗ ਅਤੇ ਰੰਗੋਲੀ ਮੇਕਿੰਗ ਗਤੀਵਿਧੀਆਂ ਕਰਵਾਈਆਂ ਗਈਆਂ |ਵਿਦਿਆਰਥੀਆਂ ਨੇ ਆਪਣੀ ਰਚਨਾਤਮਕਤਾ ਰਾਹੀਂ ਮਾਵਾਂ ਲਈ ਪਿਆਰ ਅਤੇ ਸਤਿਕਾਰ ਨੂੰ ਬਹੁਤ ਹੀ ਮਨਮੋਹਕ ਢੰਗ ਨਾਲ ਪੇਸ਼ ਕੀਤਾ | ਇਸ ਆਯੋਜਨ ਦੌਰਾਨ ਸਕੂਲ ਦੇ ਚੇਅਰਮੈਨ ਕਰਨਲ ਅਜੀਤ ਸਿੰਘ ਢਿੱਲੋਂ ਅਤੇ ਮੈਨੇਜਿੰਗ ਡਾਇਰੈਕਟਰ ਨਵਦੀਪ ਕੌਰ ਢਿੱਲੋਂ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਅੰਦਰ ਸੰਸਕਾਰਾਂ ਅਤੇ ਪਰਿਵਾਰਕ ਮੁੱਲਾਂ ਨੂੰ ਮਜ਼ਬੂਤ ਕਰਦੀਆਂ ਹਨ | ਇਸ ਮੌਕੇ 'ਤੇ ਵਾਈਸ ਪਿ੍ੰਸੀਪਲ ਰਵਿੰਦਰਜੀਤ ਕੌਰ ਨੇ ਵੀ ਆਪਣੇ ਸ਼ੁੱਭ ਵਿਚਾਰਾਂ ਰਾਹੀਂ ਮਾਂ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਸਮਝਾਇਆ ਕਿ ਸਾਨੂੰ ਆਪਣੀ ਮਾਂ ਦਾ ਬਲੀਦਾਨ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਤੇ ਹਮੇਸ਼ਾ ਉਨ੍ਹਾਂ ਦੇ ਸੁੱਖ ਤੇ ਖ਼ੁਸ਼ੀਆਂ ਦਾ ਖਿਆਲ ਰੱਖਣਾ ਚਾਹੀਦਾ ਤੇ ਉਨ੍ਹਾਂ ਦੀ ਹਮੇਸ਼ਾ ਇੱਜ਼ਤ ਕਰਨੀ ਚਾਹੀਦੀ ਹੈ ਉਨ੍ਹਾਂ ਨੂੰ ਸਮਾਜ ਵਿਚ ਪੂਰਾ ਉੱਚ ਦਰਜੇ ਦਾ ਮਾਣ ਦੇਣਾ ਚਾਹੀਦਾ ਹੈ | ਸਮਾਗਮ ਦੌਰਾਨ ਸਕੂਲ ਦਾ ਮਾਹੌਲ ਖ਼ੁਸ਼ੀ, ਉਤਸ਼ਾਹ ਅਤੇ ਮਾਂ ਪ੍ਰਤੀ ਭਾਵਨਾਵਾਂ ਨਾਲ ਭਰਪੂਰ ਰਿਹਾ | ਇਸ ਮੌਕੇ ਤੇ ਸਕੂਲ ਦੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ |