ਰੇਲ ਗੱਡੀ ਚੋਂ ਡਿਗਣ ਕਾਰਨ ਇਕ ਵਿਅਕਤੀ ਦੀ ਮੌਤ
ਅਜੀਤ ਡੈਸਕ
26-05-2026
ਢਿਲਵਾਂ, 25 ਮਈ (ਗੋਬਿੰਦ ਸੁਖੀਜਾ)-ਬੀਤੀ ਰਾਤ ਰੇਲਵੇ ਸਟੇਸ਼ਨ ਢਿਲਵਾਂ ਨਜ਼ਦੀਕ ਇਕ ਵਿਅਕਤੀ ਦੇ ਰੇਲ ਗੱਡੀ 'ਚੋਂ ਡਿਗਣ ਨਾਲ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਢਿਲਵਾਂ ਦੇ ਇੰਚਾਰਜ ਏ.ਐੱਸ.ਆਈ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਉਕਤ ਘਟਨਾ ਬਾਰੇ ਪਤਾ ਲੱਗਣ 'ਤੇ ਤੁਰੰਤ ਕਾਰਵਾਈ ਕਰਦਿਆਂ ਲਾਸ਼ ਨੂੰ ਆਪਣੇ ਕਬਜ਼ੇ 'ਚ ਲਿਆ ਹੈ, ਮਿ੍ਤਕ ਪਾਸੋਂ ਮਿਲੇ ਸ਼ਨਾਖ਼ਤੀ ਪੱਤਰ ਰਾਹੀਂ ਉਸ ਦੇ ਵਾਰਸਾਂ ਨੂੰ ਸੂਚਿਤ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮਿ੍ਤਕ ਪ੍ਰਦੀਪ ਸ਼ਰਮਾ (37) ਪੁੱਤਰ ਰਮੇਸ਼ ਸ਼ਰਮਾ ਵਾਸੀ ਨੈਣਸੁੱਖ ਵਾਲੀ ਗਲੀ ਅੰਮਿ੍ਤਸਰ ਬੀਤੀ ਰਾਤ ਅੰਮਿ੍ਤਸਰ ਤੋਂ ਦਿੱਲੀ ਜਾ ਰਿਹਾ ਸੀ ਕਿ ਢਿਲਵਾਂ ਰੇਲਵੇ ਸਟੇਸ਼ਨ ਨਜ਼ਦੀਕ ਉਹ ਅਚਾਨਕ ਰੇਲ ਗੱਡੀ 'ਚੋਂ ਡਿਗ ਗਿਆ, ਉਨ੍ਹਾਂ ਦੱਸਿਆ ਕਿ ਪੋਸਟ ਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕੀਤੀ ਜਾ ਰਹੀ ਹੈ |