ਕਪੂਰਥਲਾ, 25 ਮਈ (ਅਮਰਜੀਤ ਕੋਮਲ)-ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਗਰ ਨਿਗਮ ਕਪੂਰਥਲਾ ਦੇ 50 ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਵਿਚ 26 ਮਈ ਦਿਨ ਮੰਗਲਵਾਰ ਨੂੰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਵੋਟਾਂ ਪੈਣਗੀਆਂ | ਵੋਟ ਪ੍ਰਕਿਰਿਆ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹਾਉਣ ਲਈ ਨਗਰ ਨਿਗਮ ਕਪੂਰਥਲਾ ਦੇ 86 ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 16 ਪੋਿਲੰਗ ਬੂਥਾਂ 'ਤੇ ਅੱਜ ਦੁਪਹਿਰ ਬਾਅਦ ਪੋਿਲੰਗ ਅਮਲਾ ਪਹੁੰਚ ਗਿਆ ਹੈ | ਇਸਤੋਂ ਪਹਿਲਾਂ ਵਿਰਸਾ ਵਿਹਾਰ ਕਪੂਰਥਲਾ ਵਿਚ ਚੋਣ ਅਮਲੇ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੇ ਜਾਣ ਤੋਂ ਬਾਅਦ ਚੋਣ ਸਮਗਰੀ ਤਕਸੀਮ ਕੀਤੀ ਗਈ | ਇਸ ਚੋਣ ਵਿਚ ਨਗਰ ਨਿਗਮ ਕਪੂਰਥਲਾ ਦੇ 73373 ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13285 ਵੋਟਰ ਆਪਣੇ ਕੌਂਸਲਰਾਂ ਦੀ ਚੋਣ ਕਰਨਗੇ | ਇੱਥੇ ਵਰਨਣਯੋਗ ਹੈ ਕਿ ਨਗਰ ਨਿਗਮ ਕਪੂਰਥਲਾ ਦੇ 50 ਵਾਰਡਾਂ ਵਿਚ 182 ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ 13 ਵਾਰਡਾਂ ਵਿਚ 55 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ | ਇਸ ਚੋਣ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ, ਸ਼ੋ੍ਰਮਣੀ ਅਕਾਲੀ ਦਲ, ਅਕਾਲੀ ਦਲ ਵਾਰਿਸ ਪੰਜਾਬ ਤੋਂ ਇਲਾਵਾ ਕੁੱਝ ਵਾਰਡਾਂ ਵਿਚੋਂ ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ | ਨਗਰ ਨਿਗਮ ਕਪੂਰਥਲਾ ਦੇ ਵੱਖ-ਵੱਖ ਵਾਰਡਾਂ ਵਿਚ ਤਿਕੋਣੇ ਮੁਕਾਬਲੇ ਦੇਖਣ ਵਿਚ ਆਏ ਹਨ | ਬਹੁਤੇ ਵਾਰਡਾਂ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਚ ਸਿੱਧੀ ਟੱਕਰ ਹੈ | ਇਸੇ ਤਰ੍ਹਾਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਚੋਣ ਵਿਚ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨਾਲ ਸਬੰਧਿਤ ਆਜ਼ਾਦ ਉਮੀਦਵਾਰਾਂ, ਆਮ ਆਦਮੀ ਪਾਰਟੀ, ਭਾਜਪਾ, ਸ਼ੋ੍ਰਮਣੀ ਅਕਾਲੀ ਦਲ ਤੇ ਕਾਂਗਰਸ ਨਾਲ ਸਬੰਧਿਤ ਉਮੀਦਵਾਰ ਚੋਣ ਮੈਦਾਨ ਵਿਚ ਹਨ | ਪਰ ਸਿੱਧੇ ਮੁਕਾਬਲੇ ਆਜ਼ਾਦ ਉਮੀਦਵਾਰਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਰਮਿਆਨ ਦੇਖੇ ਜਾ ਰਹੇ ਹਨ | ਸ਼ਹਿਰ ਦੇ ਕੁੱਝ ਅਜਿਹੇ ਵਾਰਡ ਵੀ ਹਨ ਜਿੱਥੇ ਵੋਟਾਂ ਦੀ ਗਿਣਤੀ ਇਕ ਹਜ਼ਾਰ ਤੋਂ ਘੱਟ ਹੈ ਤੇ ਉਨ੍ਹਾਂ ਵਾਰਡਾਂ ਵਿਚ 3 ਜਾਂ ਇਸਤੋਂ ਵੱਧ ਉਮੀਦਵਾਰ ਚੋਣ ਲੜ ਰਹੇ ਹਨ | ਇਨ੍ਹਾਂ ਥਾਵਾਂ 'ਤੇ ਚੋਣ ਲੜ ਰਹੇ ਉਮੀਦਵਾਰਾਂ ਦੀ ਜਿੱਤ ਦਾ ਫਰਕ ਬਹੁਤ ਹੀ ਥੋੜ੍ਹਾ ਹੋਵੇਗਾ ਤੇ ਉਹ ਹੀ ਉਮੀਦਵਾਰ ਸਫ਼ਲ ਹੋਣਗੇ ਜਿਹੜੇ ਵੋਟਰਾਂ ਨੂੰ ਪੂਰਾ ਜ਼ੋਰ ਲਗਾਕੇ ਪੋਿਲੰਗ ਸਟੇਸ਼ਨ ਤੱਕ ਲਿਜਾਕੇ ਵੋਟ ਪੁਆ ਸਕਣਗੇ | ਨਗਰ ਨਿਗਮ ਕਪੂਰਥਲਾ ਤੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿਚ ਸਿਆਸੀ ਪਾਰਟੀਆਂ ਦੇ ਵਿਧਾਇਕ ਤੇ ਹਲਕਾ ਇੰਚਾਰਜਾਂ ਦਾ ਵਕਾਰ ਦਾਅ 'ਤੇ ਲੱਗਾ ਹੋਇਆ ਹੈ ਤੇ ਇਸ ਚੋਣ ਦਾ ਨਤੀਜਾ ਇਨ੍ਹਾਂ ਸਿਆਸੀ ਪਾਰਟੀਆਂ ਦੇ ਆਗੂਆਂ ਦਾ ਭਵਿੱਖ ਤੈਅ ਕਰੇਗਾ | ਇੱਥੇ ਵਰਨਣਯੋਗ ਹੈ ਕਿ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਸਬੰਧਿਤ ਉਮੀਦਵਾਰਾਂ ਨੇ ਆਪਣੀ ਜਿੱਤ ਯਕੀਨੀ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੱਤਾ ਹੈ |