ਕਪੂਰਥਲਾ, 26 ਮਈ (ਵਿ.ਪ੍ਰ.)-ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਲੜਕੀਆਂ ਫੱਤੂਢੀਂਗਾ ਵਿਚ ਕੌਮੀ ਅੱਤਵਾਦ ਵਿਰੋਧੀ ਦਿਵਸ ਸਬੰਧੀ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੋਲਦਿਆਂ ਪ੍ਰੋ. ਅਮਰਜੀਤ ਨੇ ਕਿਹਾ ਕਿ ਅੱਤਵਾਦ ਮਨੁੱਖਤਾ ਲਈ ਸਭ ਤੋਂ ਵੱਡੀ ਚਣੌਤੀ ਹੈ ਤੇ ਇਸਦਾ ਮੁਕਾਬਲਾ ਸਿਰਫ ਏਕਤਾ, ਜਾਗਰੂਕਤਾ ਤੇ ਮਜ਼ਬੂਤ ਇਰਾਦੇ ਨਾਲ ਕੀਤਾ ਜਾ ਸਕਦਾ ਹੈ | ਉਨ੍ਹਾਂ ਵਿਦਿਆਰਥਣਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਵਿਚ ਅਮਨ, ਭਾਈਚਾਰੇ ਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ | ਕਾਲਜ ਦੇ ਪਿ੍ੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੀੜੀ ਦੇ ਸੁਚੱਜੇ ਵਿਚਾਰ ਤੇ ਜਾਗਰੂਕ ਸੋਚ ਦੇਸ਼ ਦੀ ਅਸਲੀ ਤਾਕਤ ਹੈ | ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਦਾ ਮਕਸਦ ਸਿਰਫ ਸਿੱਖਿਆ ਦੇਣਾ ਨਹੀਂ ਸਗੋਂ ਵਿਦਿਆਰਥੀਆਂ ਵਿਚ ਰਾਸ਼ਟਰ ਪ੍ਰਤੀ ਸਮਰਪਣ, ਮਨੁੱਖਤਾ ਅਤੇ ਜ਼ਿੰਮੇਵਾਰੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ | ਸਮਾਗਮ ਦੀ ਸਮਾਪਤੀ 'ਤੇ ਵਿਦਿਆਰਥਣਾਂ ਅਤੇ ਸਟਾਫ਼ ਮੈਂਬਰਾਂ ਨੇ ਦੇਸ਼ ਦੀ ਏਕਤਾ, ਅਖੰਡਤਾ ਤੇ ਸ਼ਾਂਤੀ ਬਰਕਰਾਰ ਰੱਖਣ ਲਈ ਸਹੁੰ ਚੁੱਕੀ |